ਰਾਕੇਸ਼ ਸੈਣੀ
ਨੰਗਲ, 14 ਫਰਵਰੀ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਦੋਖੀ ਪਾਰਟੀ ਹੈ। ਸਰਹੱਦੀ ਸੂਬੇ ਨੂੰ ਤਜਰਬੇਕਾਰ ਸਰਕਾਰ ਦੀ ਲੋੜ ਹੈ ਤੇ ਉਹ ਸਿਰਫ ਕਾਂਗਰਸ ਹੀ ਦੇ ਸਕਦੀ ਹੈ। ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 117 ’ਚੋਂ 80-90 ੳਮੀਦਵਾਰ ਤਾਂ ਕਾਂਗਰਸ ’ਚੋਂ ਹੀ ਗਏ ਹਨ ਤੇ ਕਦੇ ਵੀ ਹਵਾ ਦਾ ਰੁਖ ਦੇਖ ਕੇ ਛੜੱਪਾ ਮਾਰ ਸਕਦੇ ਹਨ।
ਉਨ੍ਹਾਂ ਮੰਨਿਆ ਕਿ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਮੁਲਕ ਦਾ ਸਿਹਤ ਢਾਂਚਾ ਕਮਜ਼ੋਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਮੁੱਚਾ ਸਿਹਤ ਢਾਂਚਾ ਸੁਧਾਰਨ ਲਈ ਛੇ ਲੱਖ ਕਰੋੜ ਰੁਪਏ ਲੱਗਣਗੇ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਲੋਕ ਸਭਾ ’ਚ ਮੋਦੀ ਸਰਕਾਰ ਨੂੰ ਘੇਰਦੇ ਹਨ ਤਾਂ ਉਨ੍ਹਾਂ ਦੇ ਹਲਕੇ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਰਾਜਸੀ ਇਸ਼ਾਰੇ ’ਤੇ ਉਨ੍ਹਾਂ ਦੇ ਪ੍ਰਾਜੈਕਟ ਪ੍ਰਭਾਵਿਤ ਹੁੰਦੇ ਹਨ। ਨੰਗਲ ਸ਼ਹਿਰ ਦੀ ਲੀਜ਼ ਸਮੱਸਿਆ ਬਾਰੇ ਕਾਂਗਰਸੀ ਆਗੂ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਕੇਂਦਰੀ ਊਰਜਾ ਮੰਤਰੀ ਆਰ.ਕੇ ਸਿੰਘ ਨਾਲ ਗੱਲਬਾਤ ਕੀਤੀ ਹੈ, ਉਮੀਦ ਹੈ ਕਿ ਇਹ ਮਾਮਲਾ ਛੇਤੀ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਣਾ ਕੇਪੀ ਸਿੰਘ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਪਰ ਹਰ ਵਿਅਕਤੀ ਨੇ ਆਪਣੀ ਚੋਣ ਆਪਣੇ ਢੰਗ ਨਾਲ ਲੜਨੀ ਹੰਦੀ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ 111 ਦਿਨਾਂ ’ਚ ਵੀ ਕੀਤੇ ਕੰਮ ਸ਼ਲਾਘਾਯੋਗ ਹਨ।
ਸੁਨੀਲ ਜਾਖੜ ਦੇ ਬਿਆਨ ਨੂੰ ਮੰਦਭਾਗਾ ਦੱਸਿਆ
ਸ੍ਰੀ ਆਨੰਦਪੁਰ ਸਾਹਿਬ (ਪੱਤਰ ਪ੍ਰੇਰਕ): ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਮਸਤਕ ਹੋਣ ਲਈ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੁਨੀਲ ਜਾਖੜ ਦੇ ਉਸ ਬਿਆਨ ਦੀ ਸਖਤ ਨਿੰਦਾ ਕੀਤੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਇਹ ਬਿਆਨ ਬਹੁਤ ਹੀ ਮੰਦਭਾਗਾ ਹੈ ਤੇ ਕਾਂਗਰਸ ਨੂੰ ਇਸ ਬਿਆਨ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਖੜ ਦੇ ਬਿਆਨ ਦੀ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਦੇ ਨਾਂ ’ਤੇ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਹਿੰਦੂ-ਸਿੱਖ ਨਹੁੰ-ਮਾਸ ਦਾ ਰਿਸ਼ਤਾ ਹੈ ਤੇ ਇਸ ਵਿੱਚ ਤਰੇੜ ਨਹੀਂ ਆਉਣੀ ਚਾਹੀਦੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿਚ ਨਸ਼ਿਆਂ ਤੇ ਕੰਟਰੋਲ ਕਰਨ ਬਾਰੇ ਦਿੱਤੇ ਬਿਆਨ ਬਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚ ਬੀਐੱਸਐੱਫ ਦਾ ਘੇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਹੈ। ਇਸ ਦਾ ਸਾਫ ਮਤਲਬ ਹੈ ਕਿ ਅੱਧਾ ਪੰਜਾਬ ਬੀਐੱਸਐੱਫ ਦੀ ਦੇਖਰੇਖ ਵਿਚ ਹੈ।