ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਜਨਵਰੀ
ਕਿਸਾਨਾਂ ਦੀਆਂ 22 ਜਥੇਬੰਦੀਆਂ ਦੀ ਸਾਂਝੀ ਸੰਸਥਾ ਸੰਯੁਕਤ ਸਮਾਜ ਮੋਰਚਾ ਦੇ ਮੁਹਾਲੀ ਤੋਂ ਉਮੀਦਵਾਰ ਰਵਨੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ’ਤੇ ਪੈਸੇ ਦੇ ਜ਼ੋਰ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਕੁਲਵੰਤ ਸਿੰਘ ਪੈਸੇ ਦੇ ਦਮ ’ਤੇ ਵੋਟਾਂ ਹਾਸਲ ਕਰਨ ਦੇ ਨਾਲ-ਨਾਲ ਕਿਸਾਨਾਂ ਵਿੱਚ ਫੁੱਟ ਪਾਉਣ ਦਾ ਯਤਨ ਕਰ ਰਹੇ ਹਨ। ਇਹੀ ਨਹੀਂ ਕਿਸਾਨਾਂ ਦੀਆਂ ਵੋਟਾਂ ਕੱਟਣ ਲਈ ਉਹ ਕਿਸੇ ਕਿਸਾਨੀ ਪਿਛੋਕੜ ਵਾਲੇ ਵਿਅਕਤੀ ਨੂੰ ਆਜ਼ਾਦ ਉਮੀਦਵਾਰ ਖੜ੍ਹਾ ਕਰ ਸਕਦੇ ਹਨ। ਸ੍ਰੀ ਬਰਾੜ ਨੇ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਵਾਸੀਆਂ ਨੂੰ ਕਿਸਾਨਾਂ ਦੇ ਹੱਕ ਵਿੱਚ ਫਤਵਾ ਦੇਣ ਦੀ ਮੰਗ ਕੀਤੀ।