ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ (ਮੁਹਾਲੀ), 12 ਮਾਰਚ
ਮੁਹਾਲੀ, ਪਟਿਆਲਾ, ਰੂਪਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ’ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਵਿੱਚ ਪੁਆਧੀਆਂ ਨੇ ਸਾਰੀਆਂ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਹੈ। ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੁਆਧ ਖ਼ਿੱਤੇ ਦੀਆਂ ਸਾਰੀਆਂ ਸੀਟਾਂ ਕਿਸੇ ਇੱਕ ਪਾਰਟੀ ਦੇ ਹਿੱਸੇ ਆਈਆਂ ਹੋਣ। 2017 ਵਿੱਚ ਕਾਂਗਰਸ ਨੂੰ ਸੱਤ, ਅਕਾਲੀ ਦਲ ਨੂੰ ਦੋ ਅਤੇ ਆਮ ਆਦਮੀ ਪਾਰਟੀ ਨੂੰ ਵੀ ਦੋ ਸੀਟਾਂ ਮਿਲੀਆਂ ਸਨ। ਵਿਧਾਨ ਸਭਾ ਦੀਆਂ ਤਾਜ਼ਾ ਚੋਣਾਂ ਵਿੱਚ ਸਾਰੀਆਂ 11 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਹਨ। ਇਨ੍ਹਾਂ ਸੀਟਾਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਅਤੇ ਰਾਣਾ ਕੇਪੀ ਨੂੰ ਆਨੰਦਪੁਰ ਸਾਹਿਬ ਵਿੱਚ ‘ਆਪ’ ਦੇ ਹਰਜੋਤ ਬੈਂਸ ਨੇ ਭਾਰੀ ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ। ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਨੂੰ ਰੂਪਨਗਰ ਸੀਟ ਉੱਤੇ ‘ਆਪ’ ਦੇ ਦਿਨੇਸ਼ ਚੱਢਾ ਨੇ ਤੀਜੀ ਥਾਂ ਧੱਕਿਆ ਅਤੇ ਇੱਥੋਂ ਯੂਥ ਕਾਂਗਰਸ ਦੇ ਬਰਿੰਦਰ ਢਿੱਲੋਂ ਦੂਜੇ ਸਥਾਨ ’ਤੇ ਰਹੇ। ਮੁਹਾਲੀ ਹਲਕੇ ਵਿੱਚ ਲਗਾਤਾਰ ਪੰਦਰਾਂ ਵਰ੍ਹਿਆਂ ਤੋਂ ਚੋਣ ਜਿੱਤਦੇ ਆ ਰਹੇ ਬਲਬੀਰ ਸਿੰਘ ਸਿੱਧੂ ਨੂੰ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਹਰਾਇਆ। ਡੇਰਾਬੱਸੀ ਹਲਕੇ ਤੋਂ ਅਕਾਲੀ ਆਗੂ ਨਰਿੰਦਰ ਸ਼ਰਮਾ ਨੂੰ ‘ਆਪ’ ਦੇ ਕੁਲਜੀਤ ਸਿੰਘ ਰੰਧਾਵਾ ਨੇ ਤੀਜੇ ਨੰਬਰ ’ਤੇ ਪਹੁੰਚਾ ਦਿੱਤਾ ਤੇ ਕਾਂਗਰਸ ਦੇ ਦੀਪਿੰਦਰ ਢਿੱਲੋਂ ਦੂਜੇ ਸਥਾਨ ’ਤੇ ਰਹੇ। ਖਰੜ ਤੋਂ ‘ਆਪ’ ਦੀ ਅਨਮੋਲ ਗਗਨ ਮਾਨ ਨੇ ਅਕਾਲੀ ਦਲ ਦੇ ਰਣਜੀਤ ਗਿੱਲ ਨੂੰ ਹਰਾਇਆ ਤੇ ਬੱਸੀ ਪਠਾਣਾਂ ਤੋਂ ‘ਆਪ’ ਦੇ ਰਾਜਿੰਦਰ ਸਿੰਘ ਜੇਤੂ ਰਹੇ। ਫ਼ਤਹਿਗੜ੍ਹ ਸਾਹਿਬ ਤੋਂ ਕੁਲਜੀਤ ਨਾਗਰਾ ਨੂੰ ‘ਆਪ’ ਦੇ ਲਖਵੀਰ ਸਿੰਘ ਰਾਏ ਨੇ ਬੁਰੀ ਤਰ੍ਹਾਂ ਪਛਾੜਿਆ। ਰਾਜਪੁਰਾ ਹਲਕੇ ਤੋਂ ‘ਆਪ’ ਦੀ ਨੀਨਾ ਮਿੱਤਲ ਨੇ ਬਾਜ਼ੀ ਮਾਰੀ। ਸਨੌਰ ਵਿੱਚ ਹਰਮੀਤ ਸਿੰਘ ਪਠਾਣ ਮਾਜਰਾ ਨੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਵੋਟਾਂ ਦੇ ਵੱਡੇ ਅੰਤਰ ਨਾਲ ਹਰਾਇਆ ਤੇ ਘਨੌਰ ਤੋਂ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਅਕਾਲੀ ਦਲ ਦੇ ਵੱਡੇ ਚਿਹਰੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਕਾਂਗਰਸ ਦੇ ਮਦਨ ਲਾਲ ਨੂੰ ਹਰਾਇਆ।