ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 24 ਸਤੰਬਰ
ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਸ਼ਾਸਨ ਦੀ ਥਾਂ ਰਾਜਨੀਤੀ ਵੱਲ ਵੱਧ ਧਿਆਨ ਦੇ ਰਹੀ ਹੈ। ਉਹ ਅੱਜ ਮੁਹਾਲੀ ਹਲਕੇ ਦੇ ਪਿੰਡ ਕੁਰੜੀ, ਸੇਖਨਮਾਜਰਾ, ਕੁਰੜਾ ਅਤੇ ਰਾਏਪੁਰ ਕਲਾਂ ਵਿੱਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਤਿਵਾੜੀ ਨੇ ਇਨ੍ਹਾਂ ਚਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ 5-5 ਲੱਖ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਇਹ ਦੋਸ਼ ਲਗਾ ਰਹੀ ਸੀ ਕਿ ਉਸ ਦੇ ਕੁਝ ਵਿਧਾਇਕਾਂ ਨੂੰ ਕਥਿਤ ਤੌਰ ’ਤੇ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਤੇ ਹੁਣ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਬਹੁਮਤ ਸਾਬਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸ਼ਾਸਨ ਨੂੰ ਭੁੱਲ ਕੇ ਸਿਰਫ ਰਾਜਨੀਤੀ ’ਤੇ ਧਿਆਨ ਦੇ ਰਹੀ ਹੈ, ਜਦੋਂਕਿ ਕਿਸਾਨ, ਮਜ਼ਦੂਰ ਅਤੇ ਸਰਕਾਰੀ ਮੁਲਾਜ਼ਮ ਸੜਕਾਂ ’ਤੇ ਹਨ। ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ। ਲੋਕ ਸਭਾ ਮੈਂਬਰ ਨੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਵੱਖ-ਵੱਖ ਅਦਾਰਿਆਂ ਤੋਂ ਕਰਜ਼ੇ ਲੈ ਰਹੀ ਹੈ ਤੇ ਸੂਬੇ ਉੱਤੇ ਕਰਜ਼ਾ ਘਟਾਉਣ ਦੀ ਥਾਂ ਵਧਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੀ ਚੇਅਰਪਰਸਨ ਜਸਵਿੰਦਰ ਕੌਰ ਦੁਰਾਲੀ, ਜ਼ਿਲ੍ਹਾ ਪਰਿਸ਼ਦ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਛੱਜਾ ਸਿੰਘ, ਦਵਿੰਦਰ ਸਿੰਘ, ਜਸਪ੍ਰੀਤ ਸਿੰਘ, ਰਣਧੀਤ ਸਿੰਘ, ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮਨਜੋਤ ਸਿੰਘ, ਜਸਪ੍ਰੀਤ ਸਿੰਘ ਗਿੱਲ, ਪਵਨ ਦੀਵਾਨ ਅਤੇ ਅਮਨ ਸਲੈਚ ਵੀ ਹਾਜ਼ਰ ਸਨ।