ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਅਕਤੂਬਰ
‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਦੇਸ਼ ਵਿੱਚ ਦੁੱਧ ਦੀਆਂ ਵਧਦੀਆਂ ਕੀਮਤਾਂ ਬਾਰੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਦੁੱਧ ਦੀਆਂ ਕੀਮਤਾਂ ਵਧਣ ਦਾ ਸਿੱਧਾ ਸਬੰਧ ਚਾਰੇ ਦੀ ਘਾਟ ਨਾਲ ਹੈ। ਸ੍ਰੀ ਚੱਢਾ ਨੇ ਟਵੀਟ ਕਰਦਿਆਂ ਖਦਸ਼ਾ ਜਤਾਇਆ ਕਿ ਦੋ ਸਾਲ ਤੋਂ ਚਾਰੇ ਦੀ ਕਮੀ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਕੇਂਦਰ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਬਾਰੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਭਵਿੱਖ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ।
ਸ੍ਰੀ ਚੱਢਾ ਨੇ ਟਵੀਟ ’ਚ ਕਿਹਾ ਕਿ ਚਾਰੇ ਦੀਆਂ ਕੀਮਤਾਂ ਵਿਚ ਬੇਰੋਕ ਵਾਧਾ ਹੋ ਰਿਹਾ ਹੈ, ਲੰਪੀ ਸਕਿਨ ਵਾਇਰਸ ਫੈਲ ਰਿਹਾ ਹੈ, ਕੁਝ ਸਾਲਾਂ ਤੋਂ ਕਿਸਾਨ ਚਾਰੇ ਦੀ ਬਜਾਏ ਹੋਰ ਫਸਲਾਂ ਬੀਜਣ ਨੂੰ ਤਰਜੀਹ ਦੇ ਹਹਨ ਅਤੇ ਚਾਰੇ ਦੀਆਂ ਕੀਮਤਾਂ ਹੁਣ ਨੌਂ ਸਾਲਾਂ ’ਚ ਸਭ ਤੋਂ ਉੱਚੇ ਪੱਧਰ ’ਤੇ ਹਨ ਅਤੇ ਅਗਸਤ ’ਚ ਇਹ ਵਾਧਾ 25.54 ਫੀਸਦ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਚਾਰੇ ਦੀਆਂ ਫ਼ਸਲਾਂ ਹੇਠ ਰਕਬਾ 1.36 ਲੱਖ ਹੈਕਟੇਅਰ ਘੱਟ ਗਿਆ ਹੈ। ਇਸੇ ਕਰਕੇ ਦੁੱਧ ਦੀਆਂ ਕੀਮਤਾਂ ਫਿਰ ਤੋਂ ਵਧ ਸਕਦੀਆਂ ਹਨ। ਸ੍ਰੀ ਰਾਘਵ ਚੱਢਾ ਨੇ ਕਿਹਾ ਕਿ ਲੰਪੀ ਵਾਇਰਸ ਫੈਲਣ ਦੇ ਬਾਵਜੂਦ ਅਤੇ ਚਾਰੇ ਦੀ ਕਮੀ ਤੇ ਕੀਮਤਾਂ ’ਚ ਬੇਰੋਕ ਵਾਧੇ ਦੇ ਬਾਵਜੂਦ, ਸਰਕਾਰ ਨੇ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਕੁਝ ਵੀ ਨਹੀਂ ਕੀਤਾ। ਕੇਂਦਰ ਸਰਕਾਰ ਦੀ ਅਣਦੇਖੀ ਕਰਕੇ ਹੀ ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ।