ਪੱਤਰ ਪ੍ਰੇਰਕ
ਪਾਇਲ, 16 ਅਗਸਤ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਾਦਸ਼ਾਹ ਪੈਲੇਸ ਵਿੱਚ ਰੱਖੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਸ਼ਹੀਦਾਂ ਦੇ ਨਾਂ ’ਤੇ ਬਣੀ ਸੀ ਪਰ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਜਨਤਕ ਤੌਰ ’ਤੇ ਸ਼ਰਧਾਂਜਲੀ ਦੇਣਾ ਭੁੱਲ ਗਈ ਜਿਸ ਦੀ ਕਾਂਗਰਸ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸ਼੍ਰਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਜਨਤਕ ਇਕੱਠ ਕਰਨ ਦੀ ਗੱਲ ਕਹੀ ਜਾ ਰਹੀ ਸੀ ਪਰ ਮੌਕੇ ’ਤੇ ਕਾਨਫਰੰਸ ਰੱਦ ਕਰਨਾ ਅਕਾਲੀ ਦਲ ਦੇ ਡਿੱਗਦੇ ਮਿਆਰ ਦਾ ਸਬੂਤ ਹੈ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਡਾ. ਅਮਰ ਸਿੰਘ, ਜ਼ਿਲ੍ਹਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਗੁਰਪ੍ਰੀਤ ਸਿੰਘ ਜੀਪੀ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।