ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਦਸੰਬਰ
ਵਾਤਾਵਰਨ ਦੇ ਪੱਖ ਤੋਂ ਬੀਤਿਆ 2020 ਸਾਲ ਬਹੁਤ ਹੀ ਸੁਖਾਵਾਂ ਰਿਹਾ। ਵਾਤਾਵਰਨ ਦੀ ਸ਼ੁੱਧਤਾ ਨੇ ਏਨਾ ਕੁਝ ਦਿਖਾ ਦਿੱਤਾ, ਜਿਸ ਬਾਰੇ ਮਨੁੱਖ ਨੇ ਕਲਪਨਾ ਕਰਨੀ ਵੀ ਛੱਡ ਦਿੱਤੀ ਸੀ। ਹਾਲਾਂਕਿ ਇਹ ਸਾਰਾ ਕੁਝ ਕਰੋਨਾ ਦੇ ਡਰ ਕਰਕੇ ਹੀ ਵਾਪਰਿਆ ਸੀ। ਜਦੋਂ ਸਾਰਾ ਕੁਝ ਠੱਪ ਹੋ ਗਿਆ ਸੀ ਤਾਂ ਕੁਦਰਤ ਦੇ ਰੰਗ ਦੇਖ ਕੇ ਮਨੁੱਖ ਦੰਗ ਰਹਿ ਗਿਆ ਸੀ।
ਆਸਮਾਨ ਵਿੱਚ ਛਾਇਆ ਧੂੰਆਂ ਤੇ ਹੋਰ ਜ਼ਹਿਰੀਲੀਆਂ ਗੈਸਾਂ ਜਦੋਂ ਫੈਲਣ ਤੋਂ ਰੁਕ ਗਈਆਂ ਸਨ ਤਾਂ ਜਲੰਧਰ ਸ਼ਹਿਰ ਤੋਂ 200 ਕਿਲੋਮੀਟਰ ਦੂਰ ਧੌਲਧਾਰ ਦੀਆਂ ਪਹਾੜੀਆਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਸੀ। ਜਲੰਧਰ ਤੋਂ ਦਿਸੀਆਂ ਪਹਾੜੀਆਂ ਦੀ ਕੌਮਾਂਤਰੀ ਪੱਧਰ ਦੇ ਮੀਡੀਆ ਨੇ ਵੀ ਕਵਰੇਜ ਕੀਤੀ ਸੀ। ਲੋਕ ਛੱਤਾਂ ’ਤੇ ਚੜ੍ਹ ਕੇ ਇਸ ਨਜ਼ਾਰੇ ਨੂੰ ਦੇਖਦੇ ਰਹੇ ਸਨ।
ਪੰਜਾਬ ਦਾ ਸਭ ਤੋਂ ਪਲੀਤ ਮੰਨਿਆ ਜਾਣਾ ਵਾਲਾ ਸਤਲੁਜ ਦਰਿਆ ਵੀ ਸਾਫ਼ ਵਗਣ ਲੱਗ ਪਿਆ ਸੀ, ਜਿਸ ਨੂੰ ਸਾਫ਼ ਵਗਦਾ ਦੇਖਣ ਦੀ ਲੋਕਾਂ ਦੀ ਰੀਝ ਬੜੇ ਲੰਮੇ ਸਮੇਂ ਤੋਂ ਸੀ। ਇਸੇ ਤਰ੍ਹਾਂ ਪੰਜਾਬ ਦੀ ਆਬੋ ਹਵਾ ਵਿਚਲੀਆਂ ਤਬਦੀਲੀਆਂ ਨੇ ਲੋਕਾਂ ਦਾ ਮਨ ਮੋਹ ਲਿਆ ਸੀ।
ਦੁਨੀਆਂ ਦੀਆਂ ਗੰਦੀਆਂ ਨਦੀਆਂ ਵਿੱਚ ਸ਼ਾਮਲ ਗੰਗਾ ਤੇ ਯਮੁਨਾ ਦਾ ਪਾਣੀ ਵੀ ਪੂਰੀ ਤਰ੍ਹਾਂ ਸਾਫ਼ ਹੋ ਗਿਆ ਸੀ। ਇੱਥੋਂ ਤਕ ਕਿ ਸਮੁੰਦਰਾਂ ਦੇ ਪਾਣੀਆਂ ਵਿਚਲੇ ਜਲਚਰ ਜੀਵਾਂ ਨੇ ਵੀ 2020 ਵਿੱਚ ਬੜਾ ਸੁੱਖ ਦਾ ਸਾਹ ਲਿਆ ਸੀ, ਜਦੋਂ ਵੱਡੇ-ਵੱਡੇ ਸਮੁੰਦਰੀ ਜਹਾਜ਼ ਕਰੋਨਾ ਦੇ ‘ਲੰਗਰ’ ਨਾਲ ਬੱਝ ਗਏ ਸਨ। ਲੋਕ 2020 ਨੂੰ ਇੱਕ ਸ਼ੁੱਧਤਾ ਵਾਲੇ ਸਾਲ ਵਜੋਂ ਵੀ ਯਾਦ ਰੱਖਣਗੇ।