ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਸਤੰਬਰ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਦੀ ਤਨਖਾਹ ਦੇੇਣ ਵਿੱਚ ਹੋਈ ਦੇਰੀ ਮਗਰੋਂ ਸੂਬਾ ਸਰਕਾਰ ਨੇ ਅੱਜ 3400 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਸਰਕਾਰੀ ਖ਼ਜ਼ਾਨੇ ਵਿੱਚ ਮੁਦਰਾ ਦਾ ਪ੍ਰਵਾਹ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਾਮ ਤੱਕ ਸਾਰੇ ਸਬੰਧਤਾਂ ਦੇ ਖਾਤਿਆਂ ਵਿੱਚ ਤਨਖਾਹਾਂ ਪੁੱਜ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸੀਐੱਸਐੱਫ /ਜੀਆਰਐੱਫ ਬਾਰੇ ਦਿਸ਼ਾ-ਨਿਰਦੇਸ਼ਾਂ ਅਤੇ ਮਾਪਦੰਡਾਂ ਅਨੁਸਾਰ ਰਕਮ ਕਢਵਾਉਣ ਸਬੰਧੀ ਵਿਸ਼ੇਸ਼ ਸਹੂਲਤ ਨੂੰ ਮੁੜ ਸੁਰਜੀਤ ਕਰਨ ਦੇ ਅਮਲ ਕਰਕੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਅਦਾਇਗੀਆਂ ਵਿੱਚ ਦੇਰੀ ਹੋਈ ਹੈ। ਸ੍ਰੀ ਚੀਮਾ ਨੇ ਕਿਹਾ ਕਿ ਖਜ਼ਾਨੇ ਵਿਚੋਂ ਤਨਖਾਹਾਂ ਅਤੇ ਜੀਪੀਐਫ ਆਦਿ ਲਈ 2719 ਕਰੋੜ ਰੁਪਏ, ਬਿਜਲੀ ਦੀ ਸਬਸਿਡੀ ਵਜੋਂ ਪੀਐੱਸਪੀਸੀਐਲ ਨੂੰ ਅਦਾਇਗੀ ਲਈ 600 ਕਰੋੜ ਰੁਪਏ ਅਤੇ ਸ਼ੂਗਰਫੈੱਡ ਨੂੰ 75 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਦੋਂਕਿ ਬਾਕੀ ਅਦਾਇਗੀਆਂ ਅਗਲੇ ਦਿਨਾਂ ਵਿੱਚ ਕਰ ਦਿੱਤੀਆਂ ਜਾਣਗੀਆਂ।