ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਗਸਤ
ਪੁਲੀਸ ਨੇ ਪਿਛਲੇ ਹਫ਼ਤੇ ਵਿੱਚ ਐੱਨਡੀਪੀਐੱਸ ਐਕਟ 230 ਮਾਮਲੇ ਦਰਜ ਕਰਕੇ 327 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਪਿਛਲੇ ਹਫਤੇ ਵਿੱਚ 43 ਭਗੌੜਿਆਂ ਅਤੇ ਐੱਨਡੀਪੀਐਸ ਕੇਸਾਂ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਸੂਬਾਈ ਪੁਲੀਸ ਦੇ ਆਈਜੀਪੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਦੱਸਿਆ ਕਿ ਪੁਲੀਸ ਨੇ ਇੱਕ ਹਫ਼ਤੇ ਵਿੱਚ 11.73 ਕਿਲੋ ਹੈਰੋਇਨ, 20 ਕਿੱਲੋ ਅਫੀਮ, 9 ਕਿੱਲੋ ਗਾਂਜਾ, 5.76 ਕੁਇੰਟਲ ਭੁੱਕੀ, ਫਾਰਮਾ ਓਪੀਓਡਜ਼ ਦੀਆਂ 28 ਹਜ਼ਾਰ ਗੋਲੀਆਂ, ਕੈਪਸੂਲ, ਟੀਕੇ ਤੇ 20.07 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਬੋਹਰ ਅਤੇ ਫਿਰੋਜ਼ਪੁਰ ਖੇਤਰ ਤੋਂ ਨਸ਼ਿਆਂ ਦੀ ਸਪਲਾਈ ਵਧ ਰਹੀ ਹੈ ਅਤੇ ਡਰੱਗ ਸਪਲਾਇਰ ਹੁਣ ਚੈਕਿੰਗ ਤੋਂ ਬਚਣ ਲਈ ਤਸਕਰੀ ਕਰਨ ਲਈ ਜਨਤਕ ਆਵਾਜਾਈ ਨੂੰ ਤਰਜੀਹ ਦੇ ਰਹੇ ਹਨ।