ਪਾਲ ਸਿੰਘ ਨੌਲੀ
ਜਲੰਧਰ, 11 ਜੁਲਾਈ
ਇਸ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਕਰੋਨਾ ਨਾਲ ਦੋ ਮੌਤਾਂ ਹੋ ਗਈਆਂ ਤੇ 75 ਨਵੇਂ ਪਾਜ਼ੇਟਿਵ ਕੇਸ ਆਏ ਹਨ। ਜਲੰਧਰ ਦੇ ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਸਮੇਤ 75 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਅੱਜ ਦੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਵਿੱਚ ਮਹਿਤਪੁਰ ਥਾਣੇ ਦੇ 14 ਪੁਲੀਸ ਮੁਲਾਜ਼ਮ ਪਾਜ਼ੇਟਿਵ ਆਏ ਹਨ।ਆਈਟੀਬੀਪੀ ਦੇ 7 ਜਵਾਨ ਵੀ ਸ਼ਾਮਲ ਹਨ। ਅੱਜ ਆਈਆਂ ਰਿਪੋਰਟਾਂ ਨਿੱਜੀ ਹਸਪਤਾਲਾਂ ਦਾ ਸਟਾਫ ਮੈਂਬਰ ਵੀ ਸ਼ਾਮਿਲ ਹਨ। ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1177 ਹੋ ਗਿਆ ਹੈ। ਇਸ ਦੀ ਪੁਸ਼ਟੀ ਨੋਡਲ ਅਫਸਰ ਡਾ. ਟੀਪੀ ਸਿੰਘ ਸੰਧੂ ਨੇ ਕਰ ਦਿੱਤੀ ਹੈ। ਸਿਹਤ ਵਿਭਾਗ ਅਨੁਸਾਰ ਮ੍ਰਿਤਕਾਂ ਦੀ ਪਛਾਣ 45 ਸਾਲਾ ਦੇ ਸੰਜੇ ਗਾਂਧੀ ਨਗਰ ਤੇ 52 ਸਾਲਾਂ ਵਾਸੀ ਰਾਏ ਪੁਰ ਰਸੂਲਪੁਰ ਵੱਜੋਂ ਹੋਈ
ਪਟਿਆਲਾ(ਸਰਬਜੀਤ ਭੰਗੂ) ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿਚ ਕਰੋਨਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ 32 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਪਟਿਆਲਾ ਜ਼ਿਲ੍ਹੇ ਅੰਦਰ ਪਾਜ਼ੇਟਿਵ ਕੇਸਾਂ ਦੀ ਗਿਣਤੀ 552 ਹੋ ਗਈ ਹੈ। ਇਸ ਤੋਂ ਪਹਿਲਾਂ ਲਗਾਤਾਰ ਦੋ ਦਿਨ 41- 41 ਤੇ ਦੋ ਦਿਨ 30- 30 ਪਾਜ਼ੇਟਿਵ ਕੇਸ ਸਾਹਮਣੇ ਆਉਂਦੇ ਰਹੇ ਹਨ
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੋਂ ਦੇ ਰੇਲਵੇ ਦੇ ਸਟੇਸ਼ਨ ਮਾਸਟਰ ਸੰਜੋ ਸੀਲ ਗੌਤਮ ਨੂੰ ਕਰੋਨਾ ਹੋ ਗਿਆ ਹੈ। ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੂਰਜ ਸ਼ਰਮਾ ਤੇ ਐੱਮਪੀਡਬਲਿਊ ਕਾਲਾ ਸਿੰਘ, ਸਿਟੀ ਪੁਲੀਸ ਦੇ ਐੱਸਐੱਚਓ ਪਰਸ਼ੋਤਮ ਸ਼ਰਮਾ ਦੀ ਅਗਵਾਈ ’ਚ ਪੁਲੀਸ ਤੇ ਮੈਡੀਕਲ ਟੀਮ ਨੇ ਐਬੂਲੈਂਸ ਰਾਹੀਂ ਜ਼ਿਲ੍ਹੇ ਦੇ ਕੋਵਿਡ ਹਸਪਤਾਲ ਘਾਬਦਾ ’ਚ ਭੇਜ ਦਿੱਤਾ ਹੈ। ਸ੍ਰੀ ਗੌਤਮ ਕੱਲ ਰੇਲਵੇ ਸਟੇਸ਼ਨ ਛਾਜਲੀ ’ਚ ਇੱਕ ਦਿਨ ਦੀ ਡਿਊਟੀ ਮਗਰੋਂ ਰਾਤ ਨੂੰ ਇਥੋਂ ਰੇਲਵੇ ਸਟੇਸ਼ਨ ’ਚ ਰਾਤ ਦੀ ਡਿਊਟੀ ਦਿੱਤੀ। ਸਟੇਸ਼ਨ ਸੁਪਰਡੈਂਟ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਸ ਸਮੇਤ ਸਟੇਸ਼ਨ ਦੇ 14 ਕਰਮਚਾਰੀਆਂ ਨੇ ਕਰੋਨਾ ਕਰਕੇ ਖੁਦ ਹਸਪਤਾਲ ਜਾਕੇ ਸੈਂਪਲ ਦਿੱਤੇ ਸਨ ਅਤੇ ਉਸ ਸਣੇ 13 ਦੀ ਰਿਪੋਰਟ ਨੈਗੇਟਿਵ ਆਈ ਹੈ।
ਸਿਰਸਾ(ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਪੁਲੀਸ ਮੁਲਾਜ਼ਮ ਸਮੇਤ ਪੰਜ ਨਵੇਂ ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ। ਪੰਜ ਸੱਜਰੇ ਕੇਸ ਮਿਲਣ ਨਾਲ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 195 ’ਤੇ ਪੁੱਜ ਗਿਆ ਹੈ। ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਕਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕਾਲਾਂਵਾਲੀ ’ਚ ਇਕ ਪੁਲੀਸ ਮੁਲਾਜ਼ਮ ਕਰੋਨਾ ਪਾਜ਼ੇਟਿਵ ਆਇਆ ਹੈ ਜਦੋਂਕਿ ਦੋ ਵਿਅਕਤੀ ਰਾਣੀਆਂ ’ਚ ਕਰੋਨਾ ਪਾਜ਼ੇਟਿਵ ਮਿਲੇ ਹਨ। ਇਕ ਨੌਜਵਾਨ ਬੇਗੂ ਰੋਡ ਤੇ ਇਕ ਖੈਰਪੁਰ ’ਚ ਕਰੋਨਾ ਪਾਜ਼ੇਟਿਵ ਮਿਲਿਆ ਹੈ।