ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 23 ਜੁਲਾਈ
ਪੰਜਾਬ ਯੂਨੀਵਰਸਿਟੀ ਦੇ ਕਾਂਸਟੀਚੁਐਂਟ ਕਾਲਜ ਪੱਤੋ ਹੀਰਾ ਸਿੰਘ ਵਿੱਚੋਂ ਲੰਘੀ ਰਾਤ 32 ਲੱਖ ਰੁਪਏ ਚੋਰੀ ਹੋ ਗਏ ਹਨ। ਪ੍ਰਬੰਧਕਾਂ ਵੱਲੋਂ ਇੰਨੀ ਵੱਡੀ ਰਕਮ ਕਾਲਜ ਵਿੱਚ ਹੀ ਰੱਖਣ ਅਤੇ ਕਾਲਜ ਦੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਕਾਲਜ ਦੇ ਕਲਰਕ ਅਰੁਣ ਨੇ ਪੁਲੀਸ ਨੂੰ ਦੱਸਿਆ ਕਿ ਕਾਲਜ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਫੀਸਾਂ ਦੀ 32,76,315 ਰੁਪਏ ਦੀ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਰੱਖੀ ਗਈ ਸੀ। ਇਸ ਸਬੰਧੀ ਜਦੋਂ ਕਾਲਜ ਪ੍ਰਿੰਸੀਪਲ ਰਵੀਇੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਰੁੱਝੇ ਹੋਏ ਹਨ, ਇਸ ਬਾਰੇ ਉਨ੍ਹਾਂ ਨੇ ਕੋਈ ਗੱਲ ਨਹੀਂ ਕੀਤੀ। ਡੀਐੱਸਪੀ ਮਨਜੀਤ ਸਿੰਘ ਢੇਸੀ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਨੇ ਕਿਹਾ ਕਿ ਪੁਲੀਸ ਚੋਰੀ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਇਹ ਮਾਮਲਾ ਸ਼ੱਕੀ ਜਾਪਦਾ ਹੈ।