ਡਾ. ਹਿਮਾਂਸ਼ੂ ਸੂਦ/ਅਜੈ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 15 ਅਪਰੈਲ
ਜ਼ਿਲ੍ਹੇ ਦੇ ਪਿੰਡ ਤਲਾਣੀਆਂ ਵਿੱਚ ਲੰਘੀ ਰਾਤ ਤੇਜ਼ ਝੱਖੜ ਕਾਰਨ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਹੋਣ ਕਾਰਨ ਕਣਕ ਦੀ 32 ਏਕੜ ਫ਼ਸਲ ਸੜ ਕੇ ਸੁਆਹ ਹੋ ਗਈ।
ਇਸ ਸਬੰਧੀ ਪੀੜਤ ਕਿਸਾਨ ਹਰਨੇਕ ਸਿੰਘ, ਹਰਮਿੰਦਰ ਸਿੰਘ, ਕੇਸਰ ਸਿੰਘ ਅਤੇ ਲਾਭ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਜਦੋਂ ਤੇਜ਼ ਹਵਾ ਚੱਲੀ ਤਾਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਆਪਸ ਵਿੱਚ ਟਕਰਾਉਣ ਕਾਰਨ ਸ਼ਾਰਟ ਸਰਕਟ ਹੋ ਗਿਆ, ਜਿਸ ਦੇ ਸਿੱਟੇ ਵਜੋਂ ਕਣਕ ਦੀ ਸੁੱਕੀ ਫਸਲ ਨੂੰ ਅੱਗ ਲੱਗ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਘਟਨਾ ਲਈ ਪਾਵਰਕੌਮ ਜ਼ਿੰਮੇਵਾਰ ਹੈ ਅਤੇ ਹੁਣ ਉਸ ਨੂੰ ਹੀ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰਨੀ ਚਾਹੀਦੀ ਹੈ। ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਭਰੋਸਾ ਦਿੱਤਾ ਕਿ ਉਹ ਹਰ ਪੱਖੋਂ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ।
ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪੀੜਤ ਕਿਸਾਨਾਂ ਨੂੰ ਫ਼ਸਲ ਦਾ ਬਣਦਾ ਮੁਆਵਜ਼ਾ ਜ਼ਰੂਰ ਦਿਵਾਇਆ ਜਾਵੇਗਾ। ਉੱਧਰ, ਪਾਵਰਕਾਮ ਦੇ ਐਕਸੀਅਨ ਸੁਮੇਲ ਸਿੰਘ ਨੇ ਕਿਹਾ ਕਿ ਖੰਭਿਆਂ ਵਿਚਾਲੇ ਵਿੱਥ ਜ਼ਿਆਦਾ ਹੋਣ ਕਾਰਨ ਤਾਰਾਂ ਢਿੱਲੀਆਂ ਪੈ ਗਈਆਂ, ਜਿਸ ਕਾਰਨ ਤੇਜ਼ ਹਨੇਰੀ ਵਿੱਚ ਤਾਰਾਂ ਆਪਸ ’ਚ ਟਕਰਾ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾਂ ਨੂੰ ਠੀਕ ਕਰਨ ਲਈ ਇੱਥੇ ਹੋਰ ਖੰਭੇ ਲਗਾਏ ਜਾਣਗੇ ਤਾਂ ਜੋ ਮੁੜ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਝੰਡੇਮਾਜਰਾ-ਮਹਰੌਲੀ ’ਚ ਚਾਰ ਏਕੜ ਫਸਲ ਸੜੀ
ਕੁਰਾਲੀ (ਪੱਤਰ ਪ੍ਰੇਰਕ): ਪਿੰਡ ਝੰਡੇਮਾਜਰਾ-ਮਹਿਰੌਲੀ ਵਿੱਚ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਕਾਰਨ ਚਾਰ ਏਕੜ ਕਣਕ ਦੀ ਪੱਕੀ ਫਸਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਨੇ ਇਸ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਹਰਵਿੰਦਰ ਸਿੰਘ ਝੰਡੇਮਾਜਰਾ, ਗੁਰਮੀਤ ਸਿੰਘ ਤੇ ਮਨਮੋਹਨ ਸਿੰਘ ਮਹਿਰੌਲੀ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਚੱਲੀ ਤੇਜ਼ ਹਵਾ ਦੌਰਾਨ ਬਿਜਲੀ ਦੀਆਂ ਤਾਰਾਂ ਸਪਾਰਕ ਕਰ ਗਈਆਂ ਅਤੇ ਉਨ੍ਹਾਂ ਦੀ ਪੱਕੀ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਇਸ ਦੌਰਾਨ ਕਰੀਬ ਚਾਰ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਵਿੰਦਰ ਸਿੰਘ ਬੈਨੀਪਾਲ ਨੇ ਸਾਥੀਆਂ ਸਮੇਤ ਝੰਡੇਮਾਜਰਾ-ਮਹਿਰੌਲੀ ਪਹੁੰਚ ਕੇ ਤੁਰੰਤ ਹਲਕਾ ਵਿਧਾਇਕਾ ਬੀਬਾ ਅਨਮੋਲ ਗਗਨ ਮਾਨ ਨੂੰ ਘਟਨਾ ਬਾਰੇ ਜਾਣੂ ਕਰਵਾਇਆ ਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਇਸ ਨੁਕਸਾਨ ਲਈ ਪੰਜਾਬ ਸਰਕਾਰ ਤੋਂ ਬਣਦਾ ਮੁਆਵਜ਼ਾ ਦਿਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।