ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਪਰੈਲ
ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਨੇ ਪੰਜਾਬ ਮਿਊਂਸਿਪਲ ਸੇਵਾਵਾਂ ਸੁਧਾਰ ਪ੍ਰਾਜੈਕਟ ਤਹਿਤ ਨਹਿਰੀ ਪਾਣੀ ਉਤੇ ਅਧਾਰਿਤ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 300 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਾਜੈਕਟ ਦਾ ਉਦੇਸ਼ ਪੀਣ ਵਾਲੇ ਗੁਣਵਤਾ ਭਰਪੂਰ ਪਾਣੀ ਦੀ 24 ਘੰਟੇ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਪਵਿੱਤਰ ਨਗਰੀ ਅੰਮ੍ਰਿਤਸਰ ਅਤੇ ਉਦਯੋਗਿਕ ਹੱਬ ਲੁਧਿਆਣਾ ਲਈ ਪਾਣੀ ਦੇ ਨੁਕਸਾਨ ਨੂੰ ਘਟਾਉਣਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵ ਬੈਂਕ ਅਤੇ ਏਆਈਆਈਬੀ ਦਾ ਕਰਜ਼ਾ ਹਾਸਲ ਕਰਨ ਲਈ ਕੇਂਦਰ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਪੈਰਵੀ ਕੀਤੀ ਸੀ। ਨਹਿਰੀ ਪਾਣੀ ਦੀ ਸਪਲਾਈ ਵਾਲੇ ਦੋ ਹੋਰ ਪ੍ਰਾਜੈਕਟ ਜਲੰਧਰ ਅਤੇ ਪਟਿਆਲਾ ਵਿੱਚ ਪਹਿਲਾਂ ਹੀ ਨਿਰਮਾਣ ਅਧੀਨ ਹਨ।