ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਮਈ
ਇੱਥੇ ਆਈਸੀਡੀ ਕਾਨਕੋਰ ਦੇ ਕਸਟਮ ਸਟਾਫ਼ ਨੇ ਖਜੂਰਾਂ ਦੇ ਬਿੱਲ ’ਤੇ ਵਿਦੇਸ਼ਾਂ ਵਿੱਚੋਂ ਦਰਾਮਦ ਕੀਤੀਆਂ ਤਿੰਨ ਕਰੋੜ 8 ਲੱਖ 40 ਹਜ਼ਾਰ ਰੁਪਏ ਦੀਆਂ ਸਿਗਰਟਾਂ ਬਰਾਮਦ ਕੀਤੀਆਂ ਹਨ। ਵਿਭਾਗ ਦੀ ਟੀਮ ਨੇ ਇਸ ਮਾਮਲੇ ’ਚ ‘ਸ੍ਰੀਯਾਂਸ਼ ਅਪੈਰਲ ਅਤੇ ਲੈਂਦਰੀਜ਼’ ਕੰਪਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲੁਧਿਆਣਾ ਕਸਟਮ ਵਿਭਾਗ ਨੂੰ ਖਜੂਰਾਂ ਦਾ ਬਿੱਲ ਦਿਖਾ ਕੇ ਕੰਪਨੀ ਦੇ ਕੰਟੇਨਰ ’ਚ ਸਿਗਰਟਾਂ ਲੁਕਾ ਕੇ ਰੱਖੀਆਂ ਗਈਆਂ ਸਨ। ਆਈਸੀਡੀ ਢੰਡਾਰੀ ਕਲਾਂ ’ਚ ਕਲੀਅਰੈਂਸ ਦੌਰਾਨ ਦੋ ਕੰਟੇਨਰਾਂ ਨੂੰ ਡਿਪਟੀ ਕਮਿਸ਼ਨਰ ਸ਼ੈੱਡ ਤੇ ਸੁਪਰਡੈਂਟ ਸ਼ੈੱਡ ਅਤੇ ਕਸਟਮ ਬਰੋਕਰ ਦੀ ਮੌਜੂਦਗੀ ’ਚ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਕੰਟੇਨਰ ਦੇ ਕੁਝ ਹਿੱਸੇ ’ਚ ਖਜੂਰਾਂ ਸਨ ਤੇ ਬਾਕੀ ਹਿੱਸੇ ’ਚ ਵਿਦੇਸ਼ੀ ਸਿਗਰਟਾਂ ਸਨ। ਜਾਂਚ ਦੌਰਾਨ ਕੰਟੇਨਰਾਂ ਵਿੱਚੋਂ 250 ਦੇ ਕਰੀਬ ਡੱਬੇ ਮਿਲੇ ਹਨ, ਜੋ ਖਜੂਰਾਂ ਦੇ ਡੱਬੇ ਦੇ ਪਿੱਛੇ ਲੁਕਾ ਕੇ ਰੱਖੇ ਗਏ ਸਨ। ਇਨ੍ਹਾਂ ਵਿੱਚੋਂ ਵੱਖ ਵੱਖ ਬਰਾਂਡਾਂ ਦੀਆਂ 29 ਲੱਖ 84 ਹਜ਼ਾਰ ਸਿਗਰਟਾਂ ਬਰਾਮਦ ਹੋਈਆਂ ਹਨ। ਰਿਟੇਲ ਭਾਅ ਅਨੁਸਾਰ ਇਨ੍ਹਾਂ ਦੀ ਕੀਮਤ 10 ਤੋਂ 15 ਰੁਪਏ ਪ੍ਰਤੀ ਸਿਗਰਟ ਹੈ। ਇਨ੍ਹਾਂ ਦੀ ਕੁੱਲ ਕੀਮਤ ਤਿੰਨ ਕਰੋੜ 8 ਲੱਖ 40 ਹਜ਼ਾਰ ਰੁਪਏ ਬਣਦੀ ਹੈ। ਕਸਟਮ ਕਮਿਸ਼ਨਰ ਏਐੱਸ ਰੰਗਾ ਨੇ ਦੱਸਿਆ ਕਿ ਸਿਗਰਟਾਂ ਦੀ ਦਰਾਮਦ ਦੀ ਮਨਾਹੀ ਹੈ। ਇਨ੍ਹਾਂ ਸਬੰਧੀ ਬਿੱਲ ’ਚ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਸੀ। ਵਿਭਾਗ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਸਿਗਰਟ ਅਤੇ ਹੋਰ ਇੰਪੋਰਟ ਉਤਪਾਦਤਾਂ ਨੂੰ ਜਾਂਚ ਤੋਂ ਬਾਅਦ ਸੀਜ਼ ਕਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਜਾਂਚ ਵੀ ਜਾਰੀ ਹੈ ਤੇ ਕਸਟਮ ਐਕਟ 1962 ਦੇ ਤਹਿਤ ਇਸ ’ਚ ਆਉਣ ਵਾਲੇ ਸਮੇਂ ’ਚ ਗ੍ਰਿਫ਼ਤਾਰੀ ਵੀ ਹੋ ਸਕਦੀ ਹੈ।