ਫਾਜ਼ਿਲਕਾ (ਪਰਮਜੀਤ ਸਿੰਘ): ਇੱਥੋਂ ਨੇੜਲੇ ਜਲਾਲਾਬਾਦ ਅਧੀਨ ਪੈਂਦੇ ਪਿੰਡ ਸ਼ੇਰ ਮੁਹੰਮਦ ਮਾਹੀਗੀਰ ਦੇ ਗੁਰਦੁਆਰੇ ਦੇ ਸਰੋਵਰ ਵਿਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਰਿਸ਼ਤੇ ਵਿਚ ਭੈਣ-ਭਰਾ ਲੱਗਦੇ ਇਹ ਤਿੰਨ ਬੱਚੇ ਅੱਜ ਮੱਸਿਆ ਵਾਲੇ ਦਿਨ ਸਰੋਵਰ ’ਚ ਇਸ਼ਨਾਨ ਕਰਨ ਲਈ ਗਏ ਸਨ। ਮ੍ਰਿਤਕਾਂ ਵਿਚ ਇਕ ਲੜਕਾ ਤੇ ਦੋ ਲੜਕੀਆਂ ਸ਼ਾਮਲ ਹਨ। ਮ੍ਰਿਤਕਾਂ ਦੀ ਸ਼ਨਾਖ਼ਤ ਹਰਪ੍ਰੀਤ (12) ਵਾਸੀ ਪਿੰਡ ਦਰੋਗਾ, ਪ੍ਰਿਆ (12) ਵਾਸੀ ਸੁਖੇਰਾ ਬੋਦਲਾ ਅਤੇ ਤੀਰਥ (12) ਵਾਸੀ ਛੋਟਾ ਜੰਡ ਵਾਲਾ ਝੂਗੇ ਵਜੋਂ ਹੋਈ ਹੈ। ਮੌਕੇ ਉਤੇ ਹਾਜ਼ਰ ਲੋਕਾਂ ਵੱਲੋਂ ਬੱਚਿਆਂ ਨੂੰ ਸਰੋਵਰ ਵਿਚੋਂ ਕੱਢ ਕੇ ਮੁੱਢਲੀ ਸਹਾਇਤਾ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਤੁਰੰਤ ਬਾਅਦ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇੱਥੇ ਤਿੰਨਾਂ ਨੇ ਦਮ ਤੋੜ ਦਿੱਤਾ। ਇਨ੍ਹਾਂ ਬੱਚਿਆਂ ਦੇ ਨਾਲ ਦੋ ਹੋਰ ਬੱਚੇ ਵੀ ਸਨ ਜੋ ਸਰੋਵਰ ਵਿਚੋਂ ਨਿਕਲਣ ’ਚ ਸਫ਼ਲ ਹੋ ਗਏ। ਵੇਰਵਿਆਂ ਮੁਤਾਬਕ ਮ੍ਰਿਤਕ ਲੜਕੀਆਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਨਾਨਕੇ ਪਿੰਡ ਦਰੋਗਾ ਆਈਆਂ ਹੋਈਆਂ ਸਨ।