ਟਿ੍ਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜਨਵਰੀ
ਜਮਾਲਪੁਰ ਦੀ ਮੈਟਰੋ ਰੋਡ ’ਤੇ ਸਥਿਤ ਸਤੀਸ਼ ਕੁਮਾਰ ਐਂਡ ਕੰਪਨੀ ਦੇ ਠੇਕੇ ‘ਤੇ ਤੜਕੇ ਸਵੇਰੇ ਲੁਟੇਰਿਆਂ ਨੇ ਤਿੰਨ ਕਰਿੰਦਿਆਂ ਨੂੰ ਹਥਿਆਰ ਵਿਖਾ ਕੇ ਬੰਦੀ ਬਣਾ ਲਿਆ ਤੇ 29 ਪੇਟੀਆਂ ਸ਼ਰਾਬ ਲੈ ਗਏ। ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਲੁਟੇਰਿਆਂ ਨੇ ਤੋੜ ਦਿੱਤੇ ਹਨ ਅਤੇ ਡੀਵੀਆਰ ਉਹ ਆਪਣੇ ਨਾਲ ਲੈ ਗਏ| ਪੁਲੀਸ ਨੇ ਕੇਸ ਦਰਜ ਕਰ ਲਿਆ| ਪੁਲੀਸ ਨੇੜਲੇ ਸੀਸੀਟੀਵੀ ਕੈਮਰੇ ਚੈਕ ਕਰ ਰਹੀ ਹੈ। ਸਤੀਸ਼ ਕੁਮਾਰ ਐਾਡ ਕੰਪਨੀ ਸਿੰਗਲਾ ਗਰੁੱਪ ਦੇ ਸਰਕਲ ਇੰਚਾਰਜ ਰਾਜਨ ਸ਼ਰਮਾ ਨੇ ਦੱਸਿਆ ਕਿ ਦੇਰ ਰਾਤ ਠੇਕਾ ਬੰਦ ਕਰਕੇ ਮੁਰਲੀ ਚੌਧਰੀ, ਕਮਲੇਸ਼ ਕੁਮਾਰ ਤੇ ਰੋਹਿਤ ਕੁਮਾਰ ਸੁੱਤੇ ਪਏਸਨ। ਇਸੇ ਦੌਰਾਨ ਲੁਟੇਰਿਆਂ ਨੇ ਤਾਲਾ ਤੋੜਿਆ| ਜਦੋਂ ਤੱਕ ਮੁਰਲੀ ਚੌਧਰੀ ਫੋਨ ਚੁੱਕਦਾ ਲੁਟੇਰਿਆਂ ਨੇ ਪਿੱਛੋਂ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ| ਉਸ ਤੋਂ ਬਾਅਦ ਇੱਕ ਲੁਟੇਰੇ ਨੇ ਹਥਿਆਰ ਵਿਖਾ ਕੇ ਸਭ ਨੂੰ ਬੰਦੀ ਬਣਾ ਲਿਆ| ਮਗਰੋਂ ਚਾਰ ਲੁਟੇਰੇ ਅੰਦਰ ਰਹੇ ਤੇ ਚਾਰ ਬਾਹਰ ਕਾਰ ਕੋਲ। ਲੁਟੇਰੇ 29 ਪੇਟੀਆਂ ਮਹਿੰਗੀ ਸ਼ਰਾਬ ਚੁੱਕ ਕੇ ਫ਼ਰਾਰ ਹੋ ਗਏ| ਲੁਟੇਰੇ 3 ਹਜ਼ਾਰ ਦੀ ਨਕਦੀ ਵੀ ਲੈ ਗਏ। | ਰਾਜਨ ਨੇ ਦੱਸਿਆ ਕਿ ਲੁਟੇਰੇ ਠੇਕੇ ਦੇ ਅੰਦਰੋ ਕਰੀਬ 3 ਲੱਖ ਦੀ ਸ਼ਰਾਬ ਲੈ ਕੇ ਫ਼ਰਾਰ ਹੋਏ ਹਨ| ਥਾਣਾ ਫੋਕਲ ਪੁਆਇੰਟ ਦੇ ਐੱਸਐੱਚਓ. ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ | ਸੀਸੀਟੀਵੀ ਅੰਦਰੋਂ ਟੁੱਟ ਗਏ ਹਨ | ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ ਤੇ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ |
ਚੋਰਾਂ ਨੇ ਦੁਕਾਨਾਂ ਦੇ ਭੁਲੇਖੇ ਬਾਥਰੂਮ ਨੂੰ ਲਾਈ ਸੰਨ੍ਹ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ):ਇੱਥੇ ਬੱਸ ਸਟੈਂਡ ਨੇੜੇ ਬੀਤੀ ਰਾਤ ਚੋਰੀ ਕਰਨ ਆਏ ਚੋਰਾਂ ਨੇ ਮਾਰਕੀਟ ’ਚ ਬਣੀਆਂ ਦੁਕਾਨਾਂ ਦੇ ਭੁਲੇਖੇ ਬਾਥਰੂਮ ਨੂੰ ਹੀ ਸੰਨ੍ਹ ਲਾ ਦਿੱਤੀ। ਬਾਥਰੂਮ ਦੇ ਤਾਲੇ ਤੋੜ ਦਿੱਤੇ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਨਗਰ ਕੌਂਸਲ ਵੱਲੋਂ ਬਣਾਈ ਮਾਰਕੀਟ ਵਿੱਚ ਸਵੇਰੇ 4 ਵਜੇ ਅਲਟੋ ਕਾਰ ’ਤੇ ਚੋਰ ਸਵਾਰ ਹੋ ਕੇ ਆਏ ਜਿਨ੍ਹਾਂ ਮਾਰਕੀਟ ’ਚ ਦੁਕਾਨ ਦੇ ਤਾਲੇ ਤੋੜਨੇ ਸ਼ੁਰੂ ਕਰ ਦਿੱਤੇ। ਜਦੋਂ ਸ਼ਟਰ ਚੁੱਕ ਕੇ ਹੇਠਾਂ ਵੜੇ ਤਾਂ ਅੰਦਰਲਾ ਦ੍ਰਿਸ਼ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਇਹ ਕੋਈ ਦੁਕਾਨ ਨਹੀਂ ਬਲਕਿ ਬਾਥਰੂਮ ਸੀ। ਅਸਫ਼ਲ ਹੋਏ ਚੋਰਾਂ ਨੇ ਫਿਰ ਆਸ-ਪਾਸ ਬਣੀਆਂ 2 ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕੇ। ਸਮੂਹ ਦੁਕਾਨਦਾਰਾਂ ਨੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ।
ਬਾਬਾ ਰੋਸ਼ਨਗੀਰ ਦਰਬਾਰ ਵਿੱਚ ਚੋਰੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਚਾਰ ਦੇ ਇਲਾਕੇ ਵਿੱਚ ਸਥਿਤ ਬਾਬਾ ਰੋਸ਼ਨਗੀਰ ਦੇ ਦਰਬਾਰ ਵਿੱਚੋਂ ਗੋਲਕ ਵਿੱਚ ਪਈ ਨਕਦੀ ਚੋਰੀ ਹੋ ਗਈ। ਸੰਤੋਖ ਨਗਰ ਵਾਸੀ ਹਰਵਿੰਦਰ ਸਰੋਆ ਨੇ ਦੱਸਿਆ ਹੈ ਕਿ ਉਹ ਬਾਬਾ ਰੋਸ਼ਨਗੀਰ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ ਅਤੇ ਉਹ ਬਾਬਾ ਜੀ ਦੇ ਕਮਰੇ ਨੂੰ ਤਾਲਾ ਲਾ ਕੇ ਰਾਤ 11 ਵਜੇ ਘਰ ਚਲੇ ਗਿਆ। ਜਦੋਂ ਸਵੇਰੇ ਆਇਆ ਤਾਂ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਥੇ ਪਈ ਗੋਲਕ ਵਿਚੋਂ 7 ਹਜ਼ਾਰ ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕੀਤੀ ਗਈ ਸੀ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।