ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 4 ਜੁਲਾਈ
ਸਿਟੀ ਪੁਲੀਸ ਫਰੀਦਕੋਟ ਨੇ ਇੱਥੋਂ ਦੇ ਵੀਜ਼ਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਸਮੇਤ ਤਿੰਨ ਜਣਿਆਂ ਖ਼ਿਲਾਫ਼ ਦੋ ਵਿਦਿਆਰਥੀਆਂ ਨਾਲ 27 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐੱਸਈਬੀ ਵੀਜ਼ਾ ਸੈਂਟਰ ਦੇ ਮਾਲਕ ਦੀਪਕ ਸ਼ਰਮਾ, ਉਸ ਦੀ ਪਤਨੀ ਸ਼ਿਖਾ ਸ਼ਰਮਾ ਅਤੇ ਮੈਨੇਜਰ ਅਰਸ਼ਦੀਪ ਸਿੰਘ ਨੇ ਕਥਿਤ ਤੌਰ ’ਤੇ ਇੰਦਰਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਪੜ੍ਹਾਈ ਲਈ ਵਿਦੇਸ਼ ਭੇਜਣ ਲਈ ਉਨ੍ਹਾਂ ਤੋਂ 27 ਲੱਖ ਰੁਪਏ ਲਏ ਸਨ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਨਾ ਉਨ੍ਹਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਦੀਪਕ ਸ਼ਰਮਾ, ਸ਼ਿਖਾ ਸ਼ਰਮਾ ਅਤੇ ਮੈਨੇਜਰ ਅਰਸ਼ਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਟੀ ਪੁਲੀਸ ਪਹਿਲਾਂ ਵੀ ਇਸ ਵੀਜ਼ਾ ਸੈਂਟਰ ਦੇ ਮਾਲਕ ਖ਼ਿਲਾਫ਼ ਤਿੰਨ ਪਰਚੇ ਦਰਜ ਕਰ ਚੁੱਕੀ ਹੈ। ਕੇਸ ਦਰਜ ਹੋਣ ਤੋਂ ਬਾਅਦ ਵੀਜ਼ਾ ਸੈਂਟਰ ਬੰਦ ਹੈ।