ਨਵੀਂ ਦਿੱਲੀ, 18 ਦਸੰਬਰ
ਪੰਜਾਬ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਦੱਸਿਆ ਹੈ ਕਿ ਮੌਜੂਦਾ ਸਮੇਂ ਪੰਜਾਬ ਵਿੱਚ 261 ਮੁਸਲਿਮ ਰੋਹਿੰਗੀਆ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਰਜਿਸਟਰੇਸ਼ਨ ਲਈ ਉਨ੍ਹਾਂ ਦੇ ਬਾਇਓਮੀਟਰਿਕ ਵੇਰਵੇ ਭਾਰਤ ਸਰਕਾਰ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਹਨ। ਸੁਪਰੀਮ ਕੋਰਟ ਵਿੱਚ ਦਾਖਲ ਹਲਫ਼ਨਾਮੇ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸੂੁਬੇ ਦੀਆਂ ਕੌਮਾਂਤਰੀ ਸਰਹੱਦਾਂ ਬੰਗਲਾਦੇਸ਼ ਅਤੇ ਮਿਆਂਮਾਰ ਨਾਲ ਨਹੀਂ ਲੱਗਦੀਆਂ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਦਫ਼ਤਰ ਦੇ ਰਿਕਾਰਡ ਮੁਤਾਬਕ ਪੰਜਾਬ ਦੇ ਜ਼ਿਲ੍ਹਾ ਐੱਸਏਐੱਸ ਨਗਰ ਦੇ ਡੇਰਾਬੱਸੀ ਅਤੇ ਹੰਡੇਸਰਾ ਇਲਾਕੇ ਵਿੱਚ 261 ਰੋਹਿੰਗੀਆ ਮੁਸਲਮਾਨ ਰਹਿ ਰਹੇ ਹਨ।
ਹਲਫਨਾਮੇ ਮੁਤਾਬਕ, ‘‘ਇਨ੍ਹਾਂ 261 ਰੋਹਿੰਗੀਆਂ ਮੁਸਲਮਾਨਾਂ ਵਿੱਚੋਂ 191 ਡੇਰਾਬੱਸੀ ਅਤੇ 70 ਹੰਡੇਸਰਾ ਵਿੱਚ ਰਹਿ ਰਹੇ ਹਨ। ਇਨ੍ਹਾਂ 261 ਜਣਿਆਂ ਵਿੱਚੋਂ 227 ਕੋਲ ਸ਼ਰਨਾਰਥੀਆਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਸਰਟੀਫਿਕੇਟ ਹਨ। ਜਦਕਿ ਕਰੋਨਾ ਮਹਾਮਾਰੀ ਕਾਰਨ ਇਨ੍ਹਾਂ ਵਿਚੋਂ 34 ਜਣਿਆਂ ਲਈ ਉਕਤ ਸਰਟੀਫਿਕੇਟ ਹਾਸਲ ਨਹੀਂ ਕੀਤਾ ਜਾ ਸਕਿਆ।’’
ਸਰਕਾਰ ਨੇ ਇਹ ਹਲਫ਼ਨਾਮਾ ਐਡਵੋਕੇਟ ਅਸ਼ਿਵਨੀ ਉਪਾਧਿਆਏ ਵੱਲੋਂ ਦਾਇਰ ਇੱਕ ਜਨਤਕ ਪਟੀਸ਼ਨ ਦੇ ਜਵਾਬ ਵਿੱਚ ਦਾਖਲ ਕੀਤਾ ਹੈ। ਰਿਕਾਰਡ ਮੁਤਾਬਕ ਮੌਜੂਦਾ ਸਮੇਂ ਪੰਜ ਬੰਗਲਾਦੇਸ਼ੀ ਨਾਗਰਿਕ ਅਤੇ 74 ਪਾਕਿਸਤਾਨੀ ਨਾਗਰਿਕ ਵੀ ਪੰਜਾਬ ਵਿੱਚ ਰਹਿ ਰਹੇ ਹਨ। -ਪੀਟੀਆਈ