ਚਰਨਜੀਤ ਭੁੱਲਰ
ਚੰਡੀਗੜ੍ਹ, 22 ਸਤੰਬਰ
ਲੋਕ ਨਿਰਮਾਣ ਵਿਭਾਗ ਦੇ ਕਰੀਬ 26 ਉਪ ਮੰਡਲ ਇੰਜਨੀਅਰ (ਸਿਵਲ) ਹੁਣ ਮੁੜ ਜੂਨੀਅਰ ਇੰਜਨੀਅਰ ਬਣਨਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਹੋਏ ਫੈ਼ਸਲੇ ਦੇ ਉਲਟ ਕਾਂਗਰਸ ਹਕੂਮਤ ਸਮੇਂ ਇਨ੍ਹਾਂ ਜੂਨੀਅਰ ਇੰਜਨੀਅਰਾਂ ਨੂੰ ਤਰੱਕੀ ਦੇ ਕੇ ਉਪ ਮੰਡਲ ਇੰਜਨੀਅਰ (ਐੱਸਡੀਈ) ਬਣਾਇਆ ਗਿਆ ਸੀ। ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਉਪ ਮੰਡਲ ਇੰਜਨੀਅਰਾਂ ਨੂੰ ਰਿਵਰਟ ਕਰਨ ਦੀ ਪ੍ਰਕਿਰਿਆ ਵਿੱਢਦਿਆਂ ਇਨ੍ਹਾਂ ਨੂੰ ਨੌਟਿਸ ਜਾਰੀ ਕਰ ਦਿੱਤੇ ਹਨ ਤੇ ਦੋ ਹਫ਼ਤਿਆਂ ’ਚ ਆਪਣਾ ਪੱਖ ਰੱਖਣ ਲਈ ਕਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ 26 ਜੂਨੀਅਰ ਇੰਜਨੀਅਰਾਂ ਨੂੰ ਮਹਿਕਮੇ ਵੱਲੋਂ 29 ਸਤੰਬਰ 2020 ਤੋਂ 9 ਮਾਰਚ 2022 ਤੱਕ ਹੁਕਮ ਜਾਰੀ ਕਰਕੇ ਤਰੱਕੀ ਦਿੱਤੀ ਗਈ ਸੀ। ਹਵਾਲਾ ਦਿੱਤਾ ਹੈ ਕਿ ਜੂਨੀਅਰ ਇੰਜਨੀਅਰਾਂ ਨੂੰ ਤਰੱਕੀ ਦੇ ਹੁਕਮ ਨਾ ਜਾਰੀ ਕਰਨ ਸਬੰਧੀ ਪਟੀਸ਼ਨ ’ਤੇ 27 ਅਗਸਤ 2020 ਨੂੰ ਫ਼ੈਸਲਾ ਹੋਇਆ ਸੀ ਪਰ ਵਿਭਾਗ ਨੇ ਇਸ ਦੇ ਬਾਵਜੂਦ ਤਰੱਕੀ ਦੇ ਹੁਕਮ ਜਾਰੀ ਕੀਤੇ। ਪਟੀਸ਼ਨਕਰਤਾ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਮੁੜ ਪਟੀਸ਼ਨ ਪਾਈ, ਜਿਸ ਮਗਰੋਂ ਹੁਣ ਵਿਭਾਗ ਨੇ ਤਰੱਕੀ ਲੈਣ ਵਾਲੇ ਅਫ਼ਸਰਾਂ ਨੂੰ ਰਿਵਰਟ ਕਰਨ ਦਾ ਫੈ਼ਸਲਾ ਲਿਆ। ਰਿਵਰਟ ਕੀਤੇ ਅਫ਼ਸਰਾਂ ਵਿੱਚ ਦਿਨੇਸ਼ ਕੁਮਾਰ, ਨਵਰੂਪ ਸਿੰਘ, ਅਜੈ ਕੁਮਾਰ ਧਵਨ, ਸੁਦੀਸ਼ ਕੁਮਾਰ, ਬਲਿੰਦਰ ਕੁਮਾਰ, ਮਨਜਿੰਦਰ ਸਿੰਘ, ਸ਼ਨਰਜੀਤ ਸਿੰਘ, ਸਹਿਜਪ੍ਰੀਤ ਸਿੰਘ, ਪਰਮਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਅਮਰਜੀਤ ਸਿੰਘ, ਪਰਵਿੰਦਰ ਸਿੰਘ, ਨਵਦੀਪ ਬਾਲੂ, ਰਾਜੀਵ ਕੁਮਾਰ, ਰਮਨਦੀਪ ਸ਼ਰਮਾ, ਨੀਰਜ ਗੁਪਤਾ, ਸੰਦੀਪ ਵਾਲੀਆ, ਸੁਖਦੇਵ ਸਿੰਘ, ਸੁਸ਼ੀਲ ਕੁਮਾਰ, ਸੰਦੀਪ ਕੁਮਾਰ, ਮੁਨੀਸ਼ ਕੁਮਾਰ, ਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਨਿਸ਼ੂ ਬਾਂਸਲ, ਜਸਵੰਤ ਸਿੰਘ ਤੇ ਗੁਰਦੇਵ ਸਿੰਘ ਸ਼ਾਮਲ ਹਨ।