ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਪਰੈਲ
ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅੱਜ 26 ਕਰੋਨਾ ਪੀੜਤਾਂ ਦੀ ਮੌਤ ਹੋ ਗਈ। ਵੈਸੇ ਤਾਂ ਇਸ ਹਸਪਤਾਲ ’ਚ ਪੰਜਾਬ ਦੇ ਦਰਜਨ ਭਰ ਜ਼ਿਲ੍ਹਿਆਂ ਦੇ ਕਰੋਨਾ ਸਬੰਧੀ ਗੰਭੀਰ ਮਰੀਜ਼ਾਂ ਨੂੰ ਹੀ ਦਾਖਲ ਕੀਤਾ ਜਾਂਦਾ ਹੈ, ਪਰ ਕੁਝ ਦਿਨਾਂ ਤੋਂ ਪੰਜਾਬ ਦੇ ਹੀ ਕੁਝ ਹੋਰ ਜ਼ਿਲ੍ਹਿਆਂ ਸਮੇਤ ਦਿੱਲੀ ਅਤੇ ਹਰਿਆਣਾ ਤੋਂ ਵੀ ਕਰੋਨਾ ਮਰੀਜ਼ ਇਲਾਜ ਲਈ ਇਥੇ ਆ ਰਹੇ ਹਨ। ਅੱਜ ਇਸ ਹਸਪਤਾਲ ਵਿੱਚ ਫੌਤ ਹੋਏ 26 ਮਰੀਜ਼ਾਂ ਵਿੱਚੋਂ ਇੱਕ ਮਹਿਲਾ ਮਰੀਜ਼ ਦਾ ਸਬੰਧ ਦਿੱਲੀ ਨਾਲ ਸੀ। ਕਰੋਨਾ ਮਹਾਮਾਰੀ ਕਾਰਨ ਇਸ ਹਸਪਤਾਲ ਵਿੱਚ ਇੱਕ ਦਿਨ ’ਚ ਹੋਈਆਂ ਮੌਤਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਪਿਛਲੇ ਸਾਲ ਇਥੇ ਇੱਕ ਦਿਨ ਵਿੱਚ 25 ਮਰੀਜ਼ਾਂ ਦੀ ਮੌਤ ਹੋਈ ਸੀ। ਮ੍ਰਿਤਕਾਂ ਵਿੱਚੋਂ 14 ਜਣੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਹਨ। ਜ਼ਿਲ੍ਹੇ ’ਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 726 ਹੋ ਗਈ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਡਾ. ਸੁਮਿਤ ਸਿੰਘ ਨੇ ਪੁਸ਼ਟੀ ਕਰਦਿਆਂ ਰਾਜਿੰਦਰਾ ਹਸਪਤਾਲ ਵਿੱਚ ਦਿੱਲੀ ਤੇ ਹਰਿਆਣਾ ਤੋਂ ਵੀ ਕਰੋਨਾ ਮਰੀਜ਼ਾਂ ਦੇ ਦਾਖ਼ਲ ਹੋਣ ਦੀ ਗੱਲ ਸਵੀਕਾਰੀ ਹੈ। ਅੱਜ ਹੋਈਆਂ ਮੌਤਾਂ ਦੌਰਾਨ ਦਿੱਲੀ ਦੀ ਮਹਿਲਾ ਦੇ ਸ਼ਾਮਲ ਹੋਣ ਦੀ ਗੱਲ ਵੀ ਉਹ ਮੰਨਦੇ ਹਨ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ’ਚ ਆਕਸੀਜਨ ਦੀ ਕੋਈ ਘਾਟ ਨਹੀਂ ਹੈ ਤੇ ਨਾ ਹੀ ਹੁਣ ਤੱਕ ਆਕਸੀਜਨ ਦੀ ਘਾਟ ਕਾਰਨ ਇਥੇ ਕਿਸੇ ਕਰੋਨਾ ਮਰੀਜ਼ ਦੀ ਮੌਤ ਹੋਈ ਹੈ। ਡਾ. ਸਮਿਤ ਨੇ ਕਿਹਾ ਕਿ ਜ਼ਿਲ੍ਹੇ ਭਰ ਦੇ ਹਸਪਤਾਲ ’ਚ ਕਰੋਨਾ ਮਰੀਜ਼ਾਂ ਲਈ 11 ਸੌ ਤੋਂ ਵੱਧ ਬੈੱਡਾਂ ਦਾ ਪ੍ਰਬੰਧ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਨਵੇਂ ਆਏ 477 ਕੇਸਾਂ ’ਚੋਂ 364 ਕੇਸ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ। ਉਂਜ ਜ਼ਿਲ੍ਹੇ ’ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 30,493 ਹੋ ਗਈ ਹੈ, ਜਿਨ੍ਹਾਂ 26,715 ਮਰੀਜ਼ ਠੀਕ ਵੀ ਹੋ ਚੁੱਕੇ ਹਨ ਤੇ 3,057 ਐਕਟਿਵ ਕੇਸ ਹਨ।