ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਦਸੰਬਰ
ਜੰਗਲਾਤ ਵਿਭਾਗ, ਜੰਗਲੀ ਜੀਵ ਸੁਰੱਖਿਆ ਅਤੇ ਡਬਲਿਊਡਬਲਿਊਐੱਫ ਵੱਲੋਂ ਅੱਜ ਬਿਆਸ ਦਰਿਆ ਦੇ ਰਾਖਵਾਂ ਖੇਤਰ ਵਿੱਚ ਘੜਿਆਲਾਂ ਦੇ 24 ਹੋਰ ਬੱਚੇ ਛੱਡੇ ਗਏ। ਇਸ ਤੋਂ ਪਹਿਲਾਂ ਦੋ ਪੜਾਵਾਂ ਵਿੱਚ 70 ਬੱਚੇ ਛੱਡੇ ਜਾ ਚੁੱਕੇ ਹਨ ਜਿਸ ਮਗਰੋਂ ਇਸ ਦਰਿਆਈ ਖੇਤਰ ਵਿੱਚ ਹੁਣ ਤੱਕ ਘੜਿਆਲਾਂ ਦੇ 90 ਤੋਂ ਵੱਧ ਬੱਚੇ ਛੱਡੇ ਜਾ ਗਏ ਹਨ। ਬਿਆਸ ਦਰਿਆ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਲੱਗਦੇ ਜੰਗਲੀ ਖੇਤਰ ਕੁੱਲਾ ਫੱਤਾ ਨੇੜੇ ਅੱਜ ਇਹ ਬੱਚੇ ਛੱਡੇ ਗਏ। ਇਸ ਤੋਂ ਪਹਿਲਾਂ 2017-2018 ਵਿੱਚ ਬਿਆਸ ਦਰਿਆ ਦੇ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਜੰਗਲੀ ਖੇਤਰ ਵਿੱਚ ਘੜਿਆਲਾਂ ਦੇ 47 ਬੱਚੇ ਛੱਡੇ ਗਏ ਸਨ। ਇਸ ਯੋਜਨਾ ਦੇ ਦੂਜੇ ਪੜਾਅ ’ਚ ਇਸੇ ਵਰ੍ਹੇ ਫਰਵਰੀ ਮਹੀਨੇ ’ਚ 23 ਬੱਚੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਲੱਗਦੇ ਜੰਗਲੀ ਖੇਤਰ ਟਾਹਲੀ ਤੇ ਸਲੇਮਪੁਰ ਨੇੜੇ ਛੱਡੇ ਗਏ ਸਨ। ਡਬਲਿਊਡਬਲਿਊਐੱਫ ਵਿਭਾਗ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਸਰਵੇਖਣ ’ਚ ਪਤਾ ਲੱਗਿਆ ਹੈ ਕਿ ਇਸ ਤੋਂ ਪਹਿਲਾਂ ਛੱਡੇ ਗਏ ਘੜਿਆਲਾਂ ਦੇ ਬੱਚੇ ਤੰਦਰੁਸਤ ਹਨ। ਅੱਜ ਇਨ੍ਹਾਂ ਨੂੰ ਇੱਥੇ ਛੱਡਣ ਮੌਕੇ ਜੰਗਲਾਤ ਵਿਭਾਗ ਦੇ ਮੰਤਰੀ ਸੰਗਤ ਸਿੰਘ ਗਿਲਜ਼ੀਆਂ, ਜੰਗਲੀ ਜੀਵ ਵਿਭਾਗ ਦੇ ਮੁੱਖ ਵਾਰਡਨ ਆਰਕੇ ਮਿਸ਼ਰਾ, ਮੁੱਖ ਕੰਜ਼ਰਵੇਟਰ ਚਰਚਿਲ ਕੁਮਾਰ, ਮੁਨੀਸ਼ ਕੁਮਾਰ, ਜ਼ਿਲ੍ਹਾ ਜੰਗਲਾਤ ਅਧਿਕਾਰੀ ਗੁਰਸ਼ਰਨ ਸਿੰਘ ਤੇ ਡਬਲਿਊਡਬਲਿਊਐੱਫ ਦੀ ਕੋਆਰਡੀਨੇਟਰ ਗਿਤਾਂਜਲੀ ਕੰਵਰ ਹਾਜ਼ਰ ਸਨ।