ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਨਵੰਬਰ
ਓਮਾਨ ਵਿਚਲੇ ਭਾਰਤੀ ਸਫ਼ਾਰਤਖਾਨੇ ਨੇ ਅੱਜ ਦੱਸਿਆ ਕਿ ਉੱਥੇ ਹੁਣ ਸਿਰਫ 24 ਭਾਰਤੀ ਔਰਤਾਂ ਫਸੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 12 ਦਾ ਮਾਮਲਾ ਐਮਨੈਸਿਟੀ ਇੰਟਰਨੈਸ਼ਨਲ ਦੇ ਵਿਚਾਰ ਅਧੀਨ ਹੈ ਤੇ ਇਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗਲਵਾਰ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਇੱਕ ਪੱਤਰ ਭੇਜ ਕੇ ਓਮਾਨ ਵਿੱਚ ਫਸੀਆਂ ਬੇਸਹਾਰਾ ਔਰਤਾਂ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ। ਠੋਸ ਕਦਮ ਨਾ ਚੁੱਕੇ ਜਾਣ ’ਤੇ ਉਨ੍ਹਾਂ ਦਿੱਲੀ ਸਥਿਤ ਓਮਾਨ ਦੇ ਸਫ਼ਾਰਤਖਾਨੇ ਅੱਗੇ ਧਰਨੇ ਦੀ ਚਿਤਾਵਨੀ ਵੀ ਦਿੱਤੀ ਸੀ। ਉਨ੍ਹਾਂ ਨੇ ਇਸ ਸਬੰਧ ਵਿੱਚ ਵਿਦੇਸ਼ ਮੰਤਰੀ ਨੂੰ 9 ਤੇ 15 ਜੂਨ ਅਤੇ 22 ਅਕਤੂਬਰ ਨੂੰ ਵੀ ਪੱਤਰ ਭੇਜੇ ਸਨ। ਸ੍ਰੀ ਔਜਲਾ ਦੇ ਪੱਤਰ ਦੇ ਜਵਾਬ ਵਿੱਚ ਓਮਾਨ ਵਿਚਲੇ ਭਾਰਤੀ ਸਫ਼ਾਰਤਖਾਨੇ ਦੇ ਕਮਿਊਨਿਟੀ ਵੈੱਲਫੇਅਰ ਅਧਿਕਾਰੀ ਨੇ ਦੱਸਿਆ ਕਿ ਮਾਰਚ ਮਹੀਨੇ ਵਿੱਚ ਇੱਥੇ (ਓਮਾਨ ’ਚ) ਲੱਗਪਗ ਸੌ ਭਾਰਤੀ ਔਰਤਾਂ ਫਸੀਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਹੁਣ ਸਿਰਫ 24 ਔਰਤਾਂ ਰਹਿ ਗਈਆਂ ਹਨ। ਇਨ੍ਹਾਂ ਵਿਚੋਂ 12 ਦਾ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਨੇ ਸ੍ਰੀ ਔਜਲਾ ਨੂੰ ਦੱਸਿਆ ਕਿ ਭਾਰਤੀ ਔਰਤਾਂ ਨੂੰ ਖਾਣ ਪੀਣ ਤੋਂ ਇਲਾਵਾ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਸ੍ਰੀ ਔਜਲਾ ਨੇ ਆਖਿਆ ਕਿ ਇਹ ਔਰਤਾਂ ਰੋਜ਼ੀ ਰੋਟੀ ਖਾਤਰ ਓਮਾਨ ਗਈਆਂ ਸਨ ਅਤੇ ਉਥੇ ਘਰਾਂ ਵਿੱਚ ਕੰਮ ਕਰ ਰਹੀਆਂ ਸਨ ਪਰ ਉਥੇ ਉਨ੍ਹਾਂ ਦਾ ਕਥਿਤ ਸਰੀਰਕ ਤੇ ਮਾਨਸਿਕ ਸੋਸ਼ਣ ਕੀਤਾ ਗਿਆ ਹੈ। ਉਹ ਇਸ ਵੇਲੇ ਵਾਪਸੀ ਲਈ ਤਰਲੇ ਕਰ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਉਕਤ ਔਰਤਾਂ ਨੂੰ ਜਲਦੀ ਭਾਰਤ ਲਿਆਂਦਾ ਜਾਵੇ।