ਪੱਤਰ ਪ੍ਰੇਰਕ
ਪਠਾਨਕੋਟ, 28 ਅਗਸਤ
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਜ਼ਿਲ੍ਹਾ ਪਠਾਨਕੋਟ ਅੰਦਰ ਵੱਡੀ ਕਾਰਵਾਈ ਕਰਦੇ ਹੋਏ ਰਾਵੀ ਦਰਿਆ ਅਤੇ ਚੱਕੀ ਦਰਿਆ ਕਿਨਾਰੇ ਲੱਗੇ 20 ਸਟੋਨ ਕਰੱਸ਼ਰ ਸੀਲ ਕਰ ਦਿੱਤੇ ਤੇ ਉਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸਡੀਓ ਐੱਸਐੱਸ ਸੰਧੂ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਰੋਟ ਜੈਮਲ ਸਿੰਘ ਖੇਤਰ ਅੰਦਰ 5 ਸਟੋਨ ਕਰੱਸ਼ਰ ਰਾਵੀ ਦਰਿਆ ਕਿਨਾਰੇ ਬਿਨਾਂ ਮਨਜ਼ੂਰੀ ਦੇ ਚੱਲ ਰਹੇ ਸਨ। ਇਸ ਕਰਕੇ ਇਨ੍ਹਾਂ ਦੇ ਪਾਵਰਕੌਮ ਵੱਲੋਂ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਮੀਰਥਲ ਖੇਤਰ ਅੰਦਰ ਚੱਕੀ ਦਰਿਆ ਕਿਨਾਰੇ ਲੱਗੇ 15 ਸਟੋਨ ਕਰੱਸ਼ਰਾਂ ਨੂੰ ਸੀਲ ਕੀਤਾ ਗਿਆ ਹੈ। ਇਹ ਵੀ ਨਿਰਧਾਰਤ ਨੇਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ।