ਅਟਾਰੀ: ਭਾਰਤ-ਪਾਕਿਸਤਾਨ ਵਿਚਕਾਰ ਆਪਸੀ ਸਦਭਾਵਨਾ ਪੈਦਾ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਕਰਾਚੀ ਦੀ ਜੇਲ੍ਹ ਵਿੱਚੋਂ ਰਿਹਾਅ ਕੀਤੇ ਭਾਰਤੀ ਮੂਲ ਦੇ 20 ਮਛੇਰੇ ਅੱਜ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਭਾਰਤੀ ਮੂਲ ਦੇ ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨ ਰੇਂਜਰਜ਼ ਅਧਿਕਾਰੀ ਨੇ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਹਵਾਲੇ ਕੀਤਾ। ਰਿਹਾਅ ਹੋ ਕੇ ਵਤਨ ਪਰਤੇ ਇਹ ਮਛੇਰੇ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ ਤੇ ਪਿਛਲੇ ਪੰਜ ਸਾਲਾਂ ਤੋਂ ਲਾਂਡੀ ਜ਼ੇਲ੍ਹ ਵਿੱਚ ਕੈਦ ਕੱਟ ਰਹੇ ਸਨ। ਵਤਨ ਪਰਤੇ ਮਛੇਰੇ ਰਮੇਸ਼ ਅਤੇ ਦਾਨਿਸ਼ ਨੇ ਦੱਸਿਆ ਕਿ ਉਨ੍ਹਾਂ ਦਾ ਵੀਹ ਮੈਂਬਰੀ ਗਰੁੱਪ ਇੱਕ ਕਿਸ਼ਤੀ ’ਤੇ ਭਾਰਤੀ ਖੇਤਰ ਵਿੱਚ ਮੱਛੀਆਂ ਫੜ ਰਿਹਾ ਸੀ। ਅਚਾਨਕ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਬਲ ਦੀ ਕਿਸ਼ਤੀ ਆਈ ਤੇ ਉਨ੍ਹਾਂ ਨੂੰ ਜਬਰੀ ਫੜ ਕੇ ਕਰਾਚੀ ਲੈ ਗਈ। -ਪੱਤਰ ਪ੍ਰੇਰਕ