ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਮਈ
ਦਿੱਲੀ-ਐੱਨਸੀਆਰ ਵਿੱਚ ਪਏ ਮੀਂਹ ਦੌਰਾਨ ਅੱਜ ਸਵੇਰੇ 6 ਤੋਂ ਦਸ ਵਜੇ ਤੱਕ ਘੱਟੋ-ਘੱਟ 20 ਉਡਾਣਾਂ ਦੇ ਰੂਟ ਬਦਲੇ ਗਏ ਤੇ ਸੌ ਉਡਾਣਾਂ ਵਿੱਚ ਦੇਰੀ ਨਾਲ ਉੱਡੀਆਂ। ਹਵਾ ਇੰਨੀ ਤੇਜ਼ ਸੀ ਕਿ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਕਈ ਉਡਾਣਾਂ ਰੱਦ ਕਰਨ ਦੇ ਨਾਲ ਕਈ ਉਡਾਣਾਂ ਦੇਰੀ ਨਾਲ ਤੋਰੀਆਂ ਗਈਆਂ, ਜਿਸ ਕਾਰਨ ਹਵਾਈ ਅੱਡਾ ਯਾਤਰੀਆਂ ਨਾਲ ਭਰਿਆ ਹੋਇਆ ਸੀ। ਅੱਜ ਸਵੇਰੇ ਦਿੱਲੀ ਐੱਨਸੀਆਰ ਵਿੱਚ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਚੱਲ ਰਹੀਆਂ ਹਵਾਵਾਂ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਰਹੀ। ਸੂਤਰਾਂ ਮੁਤਾਬਕ ਇਸ ਦੌਰਾਨ 13 ਉਡਾਣਾਂ ਨੂੰ ਜੈਪੁਰ, ਦੋ-ਦੋ ਨੂੰ ਲਖਨਊ ਤੇ ਅੰਮ੍ਰਿਤਸਰ ਤੇ ਇੱਕ-ਇੱਕ ਉਡਾਣ ਅਹਿਮਦਾਬਾਦ, ਮੁੰਬਈ ਤੇ ਇੰਦੌਰ ਵੱਲ ਮੋੜੀ ਗਈ। ਮੌਸਮ ਵਿਭਾਗ ਅਨੁਸਾਰ ਅੱਜ ਇਸ ਇਲਾਕੇ ਵਿੱਚ ਸਾਢੇ 8 ਵਜੇ ਤੱਕ 27.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਕੁੱਝ ਇਲਾਕਿਆਂ ’ਚ ਗੜੇ ਵੀ ਪਏ।