ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਸਤੰਬਰ
ਇਥੇ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਇਕ ਅੰਤਰਰਾਜੀ ਨਸ਼ਾ ਤਸਕਰ ਨੂੰ ਉਸ ਦੇ ਸਾਥੀ ਸਮੇਤ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਦੋ ਕਿੱਲੋ ਹੈਰੋਇਨ, ਪੰਜ ਲੱਖ ਰੁਪਏ ਡਰੱਗ ਮਨੀ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਹ ਹੈਰੋਇਨ ਗੁਜਰਾਤ ਦੀ ਦਵਾਰਕਾ ਬੰਦਰਗਾਹ ਤੋਂ ਬਰਾਮਦ ਕੀਤੀ ਗਈ 126 ਕਿਲੋ ਹੈਰੋਇਨ ਦੀ ਖੇਪ ਦਾ ਇੱਕ ਹਿੱਸਾ ਹੈ। ਇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਜੰਟ ਸਿੰਘ ਅਤੇ ਰਣਜੀਤ ਸਿੰਘ ਦੋਵੇਂ ਵਾਸੀ ਪੱਟੀ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਉਹ ਇੱਕ ਕਾਰ ਵਿੱਚ ਸਵਾਰ ਸਨ ਅਤੇ ਇਹ ਹੈਰੋਇਨ ਅੱਗੇ ਕਿਸੇ ਹੋਰ ਨੂੰ ਸੌਂਪਣ ਲਈ ਜਾ ਰਹੇ ਸਨ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਹੈਰੋਇਨ ਨੂੰ ਪਾਕਿਸਤਾਨ ਦੇ ਇਕ ਨਸ਼ਾ ਤਸਕਰ ਵੱਲੋਂ ਦਵਾਰਕਾ ਬੰਦਰਗਾਹ ’ਤੇ ਭੇਜਿਆ ਗਿਆ ਸੀ।