ਸਰਬਜੀਤ ਸਿੰਘ ਭੰਗੂ
ਸਨੌਰ, 17 ਜਨਵਰੀ
ਹਲਕਾ ਸਨੌਰ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਰਵਾਇਤੀ ਪਾਰਟੀਆਂ ਨਾਲ ਸਬੰਧਤ ਹਲਕੇ ਦੇ 17 ਮੌਜੂਦਾ ਅਤੇ ਸਾਬਕਾ ਸਰਪੰਚ ਪਾਰਟੀ ਵਿੱਚ ਸ਼ਾਮਲ ਹੋ ਗਏ। ਇਹ ਐਲਾਨ ਸ੍ਰੀ ਪਠਾਣਮਾਜਰਾ ਦੇ ਇੱਥੇ ਸਨੀ ਐਨਕਲੇਵ ਸਥਿਤ ਚੋਣ ਦਫ਼ਤਰ ਵਿੱਚ ਕੀਤਾ ਗਿਆ। ਪਠਾਣਮਾਜਰਾ ਨੇ ਕਿਹਾ ਕਿ ਹਲਕਾ ਸਨੌਰ ਵਿੱਚ ‘ਆਪ’ ਦਾ ਆਧਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਨੂੰ ਲੰਮਾ ਸਮਾਂ ਪਰਖ ਚੁੱਕੇ ਹਨ, ਜਿਸ ਕਰਕੇ ਇਸ ਵਾਰ ਲੋਕਾਂ ਦਾ ਝੁਕਾਅ ‘ਆਪ’ ਵੱਲ ਵਧੇਰੇ ਹੈ। ਪਿਛਲੀ ਵਾਰ ਹਰਮੀਤ ਪਠਾਣਮਾਜਰਾ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਦਿਆਂ 15 ਹਜ਼ਾਰ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਸਨ, ਜਦਕਿ ਇਸ ਵਾਰ ‘ਆਪ’ ਵੱਲੋਂ ਟਿਕਟ ਦੇਣ ਨਾਲ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਇਸੇ ਹਲਕੇ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰ ਰਹੇ ਇੰਦਰਜੀਤ ਸੰਧੂ ਤੇ ਬਲਜਿੰਦਰ ਸਿੰਘ ਢਿੱਲੋਂ ਵੀ ਆਪਣੇ ਸਮਰਥਕਾਂ ਸਣੇ ਪਠਾਣਮਾਜਰਾ ਦੇ ਨਾਲ ਹੋ ਤੁਰੇ ਹਨ।
ਪਾਰਟੀ ’ਚ ਅੱਜ ਸ਼ਾਮਲ ਹੋਣ ਵਾਲਿਆਂ ਵਿੱਚ ਮੂਜੂਦਾ ਸਰਪੰਚ ਸੁਰਜੀਤ ਸਿੰਘ ਕਾਠਗੜ੍ਹ ਛੰਨਾ, ਲਖਵਿੰਦਰ ਸਿੰਘ ਦਲਾਨਪੁਰ, ਸੁਰੇਸ਼ ਕੁਮਾਰ ਅਹਿਰੂ ਕਲਾਂ, ਗੁਰਭੇਜ ਸਿੰਘ ਮਾੜੂ, ਜਗਿੰਦਰ ਸਿੰਘ ਚੁਹਟ, ਕਰਮਜੀਤ ਕੌਰ ਮਹਿਮੂਦਪੁਰ, ਅਵਤਾਰ ਸਿੰਘ ਚਮਾਰਹੇੜੀ, ਬਲਜੀਤ ਸਿੰਘ ਬੁੱਢਣਪੁਰ, ਅਪਾਰ ਸਿੰਘ ਜੁਲਕਾਂ, ਸਰਪੰਚ ਰਛਪਾਲ ਸਿੰਘ ਮੰਜਾਲ ਖੁਰਦ, ਪਰਮਜੀਤ ਕੌਰ ਜੁਲਾਹਖੇੜੀ ਤੇ ਜਗਦੇਵ ਸਿੰਘ ਦੂਧਣਸਾਧਾਂ ਅਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਮਹਿਮੂਦਪੁਰ, ਸੁਖਵੰਤ ਸਿੰਘ ਸੰਧੂ ਅਤੇ ਜੋਗਿੰਦਰ ਸਿੰਘ ਤਾਸਲਪੁਰ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬ੍ਰਹਮਪੁਰ ਤੋਂ ਪੁਰਾਣੇ ਕਾਂਗਰਸੀ ਆਗੂ ਰਾਜਵੀਰ ਸਿੰਘ ਸੰਧੂ ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ ਹਨ ਜਦਕਿ ਪੰਚ ਸਤਨਾਮ ਸਿੰਘ ਨੇ ਵੀ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।