ਪੱਤਰ ਪ੍ਰੇਰਕ
ਚੰਡੀਗੜ੍ਹ, 15 ਸਤੰਬਰ
ਪੰਜਾਬ ਦੇ 10 ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਪੇਂਡੂ ਘਰਾਂ ਨੂੰ ਸਾਫ਼ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਦੀ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਸਾਰੇ ਇੰਜਨੀਅਰਾਂ ਅਤੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਸੈਕਟਰ-26 ਸਥਿਤ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ ਦੇ ਆਡੀਟੋਰੀਅਮ ਵਿੱਚ 55ਵੇਂ ਇੰਜਨੀਅਰ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਮੰਤਰੀ ਨੇ ਸੂਬੇ ਭਰ ’ਚੋਂ ਵਿਭਾਗ ਦੇ 15 ਇੰਜਨੀਅਰਾਂ ਨੂੰ ਸਨਮਾਨਿਤ ਕੀਤਾ। ਜਿੰਪਾ ਨੇ ਦੱਸਿਆ ਪਾਈਪਾਂ ਰਾਹੀਂ 100 ਫ਼ੀਸਦ ਪੇਂਡੂ ਵਸੋਂ ਨੂੰ ਘਰਾਂ ਵਿਚ ਸਾਫ਼ ਪਾਣੀ ਪਹੁੰਚਾਉਣ ਵਾਲੇ 10 ਜ਼ਿਲ੍ਹੇ ਬਰਨਾਲਾ, ਫ਼ਰੀਦਕੋਟ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮਾਲੇਰਕੋਟਲਾ, ਮੁਕਤਸਰ, ਪਠਾਨਕੋਟ ਅਤੇ ਐੱਸਏਐੱਸ ਨਗਰ ਹਨ।
ਇੰਜਨੀਅਰਾਂ ਦਾ ਵਿਕਾਸ ਵਿਚ ਅਹਿਮ ਰੋਲ: ਚੀਮਾ
ਐੱਸ.ਏ.ਐੱਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਇਸੇ ਦੌਰਾਨ ਅੱਜ ਇਥੇ ਇੰਜਨੀਅਰ ਦਿਵਸ ਮੌਕੇ ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਦੇ ਬੈਨਰ ਹੇਠ ਹੋਏ ਸਮਾਗਮ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੇ ਵਿਕਾਸ ਲਈ ਉੱਥੋਂ ਦੇ ਇੰਜਨੀਅਰਾਂ ਦਾ ਅਹਿਮ ਰੋਲ ਹੁੰਦਾ ਹੈ ਅਤੇ ਪੰਜਾਬ ਸਰਕਾਰ ਆਪਣੇ ਇੰਜਨੀਅਰਾਂ ਦੇ ਹੱਕਾਂ ਲਈ ਹਰ ਸੰਭਵ ਯਤਨ ਕਰੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਿੱਤ ਮੰਤਰੀ ਨੇ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ਼ ਵੱਲੋਂ ਮੰਗ ਪੱਤਰ ਵਿੱਚ ਦਰਸਾਈਆਂ ਸਾਰੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਮੰਤਰੀ ਜਿੰਪਾ ਨੇ ਪੰਜਾਬੀ ਛੱਡ ਹਿੰਦੀ ’ਚ ਦਿੱਤਾ ਭਾਸ਼ਨ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਿਥੇ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਤਾਂ ਉਥੇ ਹੀ ਅੱਜ ਇੰਜਨੀਅਰ ਦਿਵਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਆਪਣਾ ਪੂਰਾ ਭਾਸ਼ਣ ਹਿੰਦੀ ਵਿੱਚ ਦੇ ਕੇ ਪੰਜਾਬੀ ਭਾਸ਼ਾ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਕੈਬਨਿਟ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਇੱਕ ਵੀ ਸ਼ਬਦ ਪੰਜਾਬੀ ਦਾ ਨਹੀਂ ਵਰਤਿਆ, ਜਿਸ ਨੂੰ ਲੈ ਕੇ ਉਹ ਪ੍ਰੋਗਰਾਮ ਦੌਰਾਨ ਵੀ ਕਾਫ਼ੀ ਚਰਚਾ ਵਿੱਚ ਰਹੇ।