ਭਵਾਨੀਗੜ੍ਹ ਵਿੱਚ 15 ਕਰੋਨਾ ਪਾਜ਼ੇਟਿਵ ਕੇਸ

ਇਕ ਮਰੀਜ਼ ਦੀ ਕਰੋਨਾ ਸਬੰਧੀ ਡਬਲ ਰਿਪੋਰਟ ਤੋਂ ਪਰਿਵਾਰ ਪ੍ਰੇਸ਼ਾਨ

ਭਵਾਨੀਗੜ੍ਹ ਵਿੱਚ 15 ਕਰੋਨਾ ਪਾਜ਼ੇਟਿਵ ਕੇਸ

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਗਸਤ

ਭਵਾਨੀਗੜ੍ਹ ਬਲਾਕ ਵਿੱਚ 15 ਵਿਅਕਤੀਆਂ ਦੇ ਕਰੋਨਾ ਸਬੰਧੀ ਟੈਸਟ ਪਾਜ਼ੇਟਿਵ ਪਾਏ ਗਏ ਹਨ। ਐੱਸਐੱਮਓ ਡਾ. ਪ੍ਰਵੀਨ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਪ੍ਰਾਪਤ ਹੋਈ ਵਿਭਾਗ ਦੀ ਰਿਪੋਰਟ ਅਨੁਸਾਰ 4 ਬੱਚਿਆਂ ਸਮੇਤ 15 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਵਿੱਚ 11 ਮਰੀਜ਼ ਉਹ ਹਨ ਜੋ ਪਹਿਲਾਂ ਪਾਜ਼ੇਟਿਵ ਆਏ ਕਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਸਨ। ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਰੇ ਮਰੀਜ਼ਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ‘ਕੋਵਿਡ-19’ ਕੇਅਰ ਸੈਂਟਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਇਕ ਮਰੀਜ਼ ਦੀ ਕਰੋਨਾ ਸਬੰਧੀ ਡਬਲ ਰਿਪੋਰਟ ਆਉਣ ਕਾਰਨ ਪਰਿਵਾਰ ਭੰਬਲਭੂਸੇ ਵਿੱਚ ਪੈ ਗਿਆ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਪੁੱਤਰ ਨੂੰ ਸਰਕਾਰੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਟੈਸਟ ਲਈ ਲੈ ਕੇ ਗਏ। ਉੱਥੇ 20 ਮਿੰਟ ਅੰਦਰ ਰਿਪੋਰਟ ਦੇਣ ਵਾਲੀ ਮਸ਼ੀਨ ’ਤੇ ਟੈਸਟ ਕਰਵਾਇਆ ਗਿਆ। ਮਸ਼ੀਨ ਨੇ ਉਸ ਵਿਅਕਤੀ ਦੀ ਰਿਪੋਰਟ ਨੈਗੇਟਿਵ ਦਿੱਤੀ। ਇਸੇ ਦੌਰਾਨ ਹਸਪਤਾਲ ਵੱਲੋਂ ਇਸੇ ਵਿਅਕਤੀ ਦਾ ਨਮੂਨਾ ਪਟਿਆਲਾ ਭੇਜ ਦਿੱਤਾ ਗਿਆ। ਪਟਿਆਲਾ ਤੋਂ ਇਸੇ ਵਿਅਕਤੀ ਦੀ ਦੋ ਦਿਨਾਂ ਬਾਅਦ ਆਈ ਰਿਪੋਰਟ ਪਾਜ਼ੇਟਿਵ ਪਾਈ ਗਈ। ਮਰੀਜ਼ ਨੂੰ ਘਾਬਦਾਂ ਕੇਅਰ ਸੈਂਟਰ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਇਕੋ ਮਰੀਜ਼ ਦੀਆਂ ਦੋ ਵੱਖ ਵੱਖ ਰਿਪੋਰਟਾਂ ਨੂੰ ਲੈ ਕੇ ਪਰਿਵਾਰ ਹੈਰਾਨ ਹੈ।

ਡਾ. ਪਰਵੀਨ ਕੁਮਾਰ ਗਰਗ ਨੇ ਦੱਸਿਆ ਕਿ ਮਸ਼ੀਨ ਵਾਲੇ ਨੈਗੇਟਿਵ ਟੈਸਟ ਨੂੰ ਭਰੋਸੇਯੋਗ ਕਰਨ ਲਈ ਪਟਿਆਲਾ ਵਿਖੇ ਲੈਬਾਰਟਰੀ ਵਿੱਚ ਭੇਜਿਆ ਜਾਂਦਾ ਹੈ ਅਤੇ ਲੈਬਾਰਟਰੀ ਟੈਸਟ ਦੇ ਆਧਾਰ ਤੇ ਹੀ ਅਗਲਾ ਕਦਮ ਉਠਾਇਆ ਜਾਂਦਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All