ਸੁਰਜੀਤ ਮਜਾਰੀ
ਬੰਗਾ, 22 ਅਗਸਤ
ਇੱਥੋਂ ਗੜ੍ਹਸ਼ੰਕਰ ਨੂੰ ਜਾਂਦੀ ਸੜਕ ’ਤੇ ਸਥਿਤ ਪਿੰਡ ਨੌਰਾ ’ਚ ਲੱਗੇ ਏਟੀਐੱਮ ’ਚੋਂ 14 ਲੱਖ ਰੁਪਏ ਚੋਰੀ ਹੋ ਗਏ। ਭਾਰਤੀ ਸਟੇਟ ਬੈਂਕ ਦੇ ਇਸ ਏਟੀਐੱਮ ’ਚੋਂ 14 ਲੱਖ ਰੁਪਏ ਉਡਾਉਣ ’ਚ ਚੋਰਾਂ ਨੇ 14 ਮਿੰਟ ਦਾ ਸਮਾਂ ਲਗਾਇਆ। ਚੋਰਾਂ ਨੇ ਗੈਸ ਕਟਰ ਨਾਲ ਸਿਰਫ਼ ਕੈਸ਼ ਵਾਲੇ ਬਕਸੇ ਕੱਟ ਕੇ ਘਟਨਾ ਨੂੰ ਅੰਜਾਮ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ 2 ਵਜੇ ਦੀ ਦੱਸੀ ਜਾ ਰਹੀ ਹੈ। ਏਟੀਐੱਮ ਸਬੰਧੀ ਕੰਪਨੀ ਦੇ ਅਧਿਕਾਰੀ ਜਗਦੀਪ ਕੁਮਾਰ ਹੁਸ਼ਿਆਰਪੁਰ ਨੇ ਦੱਸਿਆ ਕਿ 42 ਲੱਖ ਰੁਪਏ ਦੀ ਸਮਰੱਥਾ ਵਾਲੇ ਇਸ ਏਟੀਐੱਮ ’ਚ ਛੇ ਲੱਖ ਰੁਪਏ ਪਹਿਲਾਂ ਹੀ ਪਏ ਸਨ ਅਤੇ ਹਫ਼ਤੇ ਦੇ ਅਖ਼ੀਰ ’ਚ ਦੋ ਛੁੱਟੀਆਂ ਹੋਣ ਕਰ ਕੇ ਅੱਠ ਲੱਖ ਰੁਪਏ ਹੋਰ ਪਾਏ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਕਪਤਾਨ ਵਜ਼ੀਰ ਸਿੰਘ ਖਹਿਰਾ ਤੇ ਹੋਰ ਪੁਲੀਸ ਅਫ਼ਸਰ ਮੌਕੇ ’ਤੇ ਪੁੱਜੇ। ਥਾਣਾ ਸਦਰ ਦੇ ਮੁੱਖੀ ਰਾਜੀਵ ਕੁਮਾਰ ਦਾ ਕਹਿਣਾ ਹੈ ਕਿ ਰਾਤ ਡੇਢ ਵਜੇ ਤੱਕ ਤਾਂ ਘਟਨਾ ਸਥਾਨ ਕੋਲ ਪੁਲੀਸ ਦੀ ਪੈਟਰੋਲਿੰਗ ਪਾਰਟੀ ਹਾਜ਼ਰ ਸੀ। ਉਸ ਦੇ ਜਾਣ ਤੋਂ ਬਾਅਦ ਹੀ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ। ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਅਜੇ ਸਿਰਫ਼ ਐਨਾ ਹੀ ਸੁਰਾਗ ਮਿਲਿਆ ਹੈ ਕਿ ਚੋਰੀ ਵਾਲੇ ਸਮੇਂ ਦੌਰਾਨ ਇੱਕ ਕਾਰ ਵਾਰ-ਵਾਰ ਉੱਥੋਂ ਲੰਘ ਰਹੀ ਸੀ ਤੇ ਚੋਰਾਂ ਦੇ ਇਸੇ ਕਾਰ ’ਚ ਆਉਣ ਦਾ ਸ਼ੱਕ ਹੈ।