ਮਨੋਜ ਸ਼ਰਮਾ
ਬਠਿੰਡਾ, 26 ਸਤੰਬਰ
ਇੱਥੋਂ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚੋਂ ਲੰਘੀ ਰਾਤ 14 ਨਸ਼ੇੜੀ ਫ਼ਰਾਰ ਹੋ ਗਏ ਹਨ, ਜਿਨ੍ਹਾਂ ਦੇ ਭੱਜਣ ਬਾਰੇ ਅੱਜ ਸਵੇਰੇ ਪਤਾ ਲੱਗਾ। ਇਹ ਵੀ ਪਤਾ ਲੱਗਾ ਹੈ ਕਿ ਨਸ਼ੇੜੀਆਂ ਨੇ ਕਥਿਤ ਤੌਰ ’ਤੇ ਵੱਖ-ਵੱਖ ਗੇਟਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਭੱਜਣ ਤੋਂ ਪਹਿਲਾਂ ਡਿਊਟੀ ’ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨਾਲ ਹੱਥੋਪਾਈ ਵੀ ਕੀਤੀ। ਪਿਛਲੇ ਹਫ਼ਤੇ ਇਸੇ ਕੇਂਦਰ ’ਚੋਂ 6 ਨਸ਼ੇੜੀ ਭੱਜ ਗਏ ਸਨ ਜੋ ਬਾਅਦ ਵਿੱਚ ਵਾਪਸ ਆ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰ ਦੇ ਇੰਚਾਰਜ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਲੰਘੀ ਰਾਤ 14 ਨਸ਼ੇੜੀ ਸ਼ੀਸ਼ੇ ਦੇ ਬਣੇ ਗੇਟ ਤੋੜ ਕੇ ਭੱਜ ਗਏ ਹਨ, ਜਿਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਜੇ ਇਲਨਚੇਲੀਅਨ ਨੇ ਕਿਹਾ ਕਿ ਸਿਹਤ ਵਿਭਾਗ ਤੋਂ ਸ਼ਿਕਾਇਤ ਮਿਲਣ ’ਤੇ ਉਹ ਕਾਰਵਾਈ ਕਰਨਗੇ।