ਸ਼ਸੀ ਪਾਲ ਜੈਨ
ਖਰੜ, 12 ਅਗਸਤ
ਪੰਜਾਬ ਦੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੂਬੇ ਵਿੱਚ ਪਿਛਲੇ 11 ਸਾਲਾਂ ’ਚ ਸਰਕਾਰੀ ਏਜੰਸੀ ਵੱਲੋਂ ਖ਼ਰੀਦੀ ਗਈ 14 ਲੱਖ 36 ਹਜ਼ਾਰ ਟਨ ਤੋਂ ਵੱਧ ਕਣਕ ਖਰਾਬ ਹੋਈ ਹੈ, ਜਿਸ ਨੂੰ ਮਨੁੱਖੀ ਵਰਤੋਂ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਇਹ ਖੁਲਾਸਾ ਇੱਥੋਂ ਦੇ ਇੱਕ ਵਪਾਰੀ ਅਰੁਣ ਕੁਮਾਰ ਵੱਲੋਂ ਭਾਰਤੀ ਖੁਰਾਕ ਨਿਗਮ ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਦੌਰਾਨ ਹੋਇਆ ਹੈ। ਜਾਣਕਾਰੀ ਅਨੁਸਾਰ ਸਾਲ 2009-10 ਤੋਂ 2020-21 ਤੱਕ ਕੁੱਲ 14,36,776 ਟਨ ਅਨਾਜ ਖਰਾਬ ਹੋਇਆ, ਜਿਸ ਨੂੰ ਮਨੁੱਖੀ ਇਸਤੇਮਾਲ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਅਰੁਣ ਨੇ ਦੱਸਿਆ ਕਿ 11 ਸਾਲਾਂ ਦੌਰਾਨ ਐੱਮਐੱਸਪੀ ਦੇ ਹਿਸਾਬ ਨਾਲ ਖਰਾਬ ਹੋਏ ਅਨਾਜ ਦੀ ਕੁੱਲ ਕੀਮਤ 20 ਅਰਬ, 15 ਕਰੋੜ, 48 ਲੱਖ, 43 ਹਜ਼ਾਰ, 485 ਰੁਪਏ ਬਣਦੀ ਹੈ। ਆਰਟੀਆਈ ਅਨੁਸਾਰ ਸਾਲ 2009-10 ਵਿੱਚ 8,356 ਟਨ ਤੇ 2010-11 ’ਚ 41,690, 2011-12 ’ਚ 66,306, 2011-12 ’ਚ 20,112, 2013-14 ’ਚ 5,33,085, 2014-15 ਵਿੱਚ 1,58,983, 2015-16 ਵਿੱਚ 2,20,629, 2016-17 ਵਿੱਚ 3,76,106, 2017-18 ’ਚ 730, 2018-19 ਵਿੱਚ ਨਿੱਲ, 2019-20 ਵਿੱਚ 5,557 ਤੇ 2020-21 ਵਿੱਚ 5,221 ਟਨ ਅਨਾਜ ਖਰਾਬ ਹੋਇਆ।
ਪੀਐੱਮਓ ਨੇ ਐੱਫਸੀਆਈ ਪੰਜਾਬ ਦੇ ਦਫ਼ਤਰ ਤੋਂ ਜਾਣਕਾਰੀ ਮੰਗੀ
ਵਪਾਰੀ ਅਰੁਣ ਕੁਮਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਈ-ਮੇਲ ਭੇਜ ਕੇ ਗਿਆਰਾਂ ਸਾਲਾਂ ਦੌਰਾਨ ਖਰਾਬ ਹੋਈ ਇਸ ਕਣਕ ਸਬੰਧੀ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੇ ਈ-ਮੇਲ ਅੱਗੇ ਕਾਰਵਾਈ ਲਈ ਭੇਜ ਦਿੱਤੀ ਹੈ ਅਤੇ ਬੀਤੇ ਦਿਨ ਉਸ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਇੱਕ ਅਧਿਕਾਰੀ ਦਾ ਫੋਨ ਆਇਆ ਸੀ, ਜਿਸ ਨੇ ਦੱਸਿਆ ਕਿ ਉਨ੍ਹਾਂ ਖਰਾਬ ਹੋਈ ਕਣਕ ਸਬੰਧੀ ਭਾਰਤੀ ਖੁਰਾਕ ਨਿਗਮ, ਪੰਜਾਬ ਦੇ ਦਫ਼ਤਰ ਤੋਂ ਜਾਣਕਾਰੀ ਮੰਗ ਲਈ ਹੈ।