ਦਵਿੰਦਰ ਪਾਲ
ਚੰਡੀਗੜ੍ਹ, 9 ਜੁਲਾਈ
ਪੰਜਾਬ ’ਚ ਕਰੋਨਾਵਾਇਰਸ ਦੇ ਫੈਲਾਅ ਦੌਰਾਨ ਸਿਵਲ ਤੇ ਪੁਲੀਸ ਅਧਿਕਾਰੀ ਵੀ ਵੱਡੇ ਪੱਧਰ ’ਤੇ ਲਾਗ ਦਾ ਸ਼ਿਕਾਰ ਹੋਏ ਹਨ। ਸਿਹਤ ਵਿਭਾਗ ਮੁਤਾਬਕ 13 ਪੀਸੀਐੱਸ ਅਫ਼ਸਰ, ਇੱਕ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਅੱਧੀ ਦਰਜ਼ਨ ਪੁਲੀਸ ਕਰਮਚਾਰੀ ਅਤੇ 2 ਸਿਵਲ ਸਰਜਨਾਂ ਸਮੇਤ ਸੱਤ ਸਿਹਤ ਕਾਮੇ ਲਾਗ ਦਾ ਸ਼ਿਕਾਰ ਹੋਏ ਹਨ। ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 5 ਮੌਤਾਂ ਤੇ 234 ਸੱਜਰੇ ਮਾਮਲੇ ਸਾਹਮਣੇ ਆਉਣ ਨਾਲ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 183 ਤੱਕ ਅਤੇ ਕੁੱਲ ਕੇਸਾਂ ਦੀ ਗਿਣਤੀ 7,140 ਤੱਕ ਅੱਪੜ ਗਈ ਹੈ।
ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ’ਚ ਵਧਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਅਧਿਕਾਰੀਆਂ ਨੂੰ ਦਫ਼ਤਰਾਂ ’ਚ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਮੀਟਿੰਗਾਂ ਦਾ ਸਿਲਸਿਲਾ ਵਧਾਇਆ ਹੋਇਆ ਸੀ। ਪੀਸੀਐੱਸ ਅਧਿਕਾਰੀਆਂ ’ਚ ਵੀ 3 ਜੁਲਾਈ ਨੂੰ ਚੰਡੀਗੜ੍ਹ ’ਚ ਇੱਕ ਮੀਟਿੰਗ ਮਗਰੋਂ ਲਾਗ ਫੈਲੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪੁਲੀਸ ਅਧਿਕਾਰੀਆਂ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਲੋੜੀਂਦੀਆਂ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਵੱਖ-ਵੱਖ ਥਾਈਂ ਤਾਇਨਾਤ 8 ਐੱਸ.ਡੀ.ਐੱਮਜ਼ ਸਮੇਤ ਕੁੱਲ 13 ਪੀਸੀਐੱਸ ਅਫ਼ਸਰ ਕਰੋਨਾ ਦੀ ਲਪੇਟ ਵਿੱਚ ਆਏ ਹਨ। ਨਗਰ ਨਿਗਮਾਂ ’ਚ ਤਾਇਨਾਤ ਅਫ਼ਸਰਾਂ ’ਚ ਲਾਗ ਦੇ ਲੱਛਣ ਸਾਹਮਣੇ ਆਉਣ ਮਗਰੋਂ ਸਥਾਨਕ ਸਰਕਾਰਾਂ ਵਿਭਾਗ ਦੇ ਕਈ ਦਫ਼ਤਰ ਬੰਦ ਕੀਤੇ ਗਏ ਹਨ। ਚੰਡੀਗੜ੍ਹ ਸਥਿਤ ਪੰਜਾਬ ਦੀ ਸਿਵਲ ਸਕੱਤਰੇਤ ’ਚ ਵੀ ਅੱਧੀ ਦਰਜ਼ਨ ਦੇ ਕਰੀਬ ਮੁਲਾਜ਼ਮ ਲਪੇਟ ’ਚ ਆ ਚੁੱਕੇ ਹਨ। ਸਰਕਾਰ ਨੇ ਸਥਿਤੀ ਨੂੰ ਭਾਂਪਦਿਆਂ ਵਿਭਾਗੀ ਮੁਖੀਆਂ ਨੂੰ ਦਫ਼ਤਰਾਂ ’ਚ ਮੁਲਾਜ਼ਮਾਂ ਦੀ ਹਾਜ਼ਰੀ ਘੱਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।
ਜਲੰਧਰ (ਦਿਹਾਤੀ) ਜ਼ਿਲ੍ਹੇ ਦੇ ਪੁਲੀਸ ਮੁਖੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲੀਸ ਅਫ਼ਸਰਾਂ ਨੂੰ ਵੀ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੰਗਰੂਰ ਅਤੇ ਪਠਾਨਕੋਟ ਦੇ ਸਿਵਲ ਸਰਜਨ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 100 ਤੋਂ ਵੱਧ ਸਿਹਤ ਕਾਮੇ ਲਾਗ ਦਾ ਸ਼ਿਕਾਰ ਤਾਂ ਹੋਏ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਸਿਹਤਯਾਬ ਹੋ ਚੁੱਕੇ ਹਨ।
ਸਿਹਤ ਵਿਭਾਗ ਮੁਤਾਬਕ ਲੰਘੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਲੁਧਿਆਣਾ ਅਤੇ ਕਪੂਰਥਲਾ ਵਿੱਚ ਇੱਕ-ਇੱਕ ਵਿਅਕਤੀ ਕਰੋਨਾ ਦੀ ਭੇਟ ਚੜ੍ਹਿਆ ਹੈ। ਇਸੇ ਤਰ੍ਹਾਂ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 57, ਪਟਿਆਲਾ ਵਿੱਚ 42, ਜਲੰਧਰ ਵਿੱਚ 34, ਸੰਗਰੂਰ ਵਿੱਚ 16, ਅੰਮ੍ਰਿਤਸਰ ਵਿੱਚ 14, ਮੁਹਾਲੀ ਵਿੱਚ 10, ਫਿਰੋਜ਼ਪੁਰ ਅਤੇ ਤਰਨਤਾਰਨ ’ਚ 9-9, ਫਤਿਹਗੜ੍ਹ ਸਾਹਿਬ ਵਿੱਚ 8, ਗੁਰਦਾਸਪੁਰ ’ਚ 7, ਕਪੂਰਥਲਾ ਵਿੱਚ 5, ਨਵਾਂਸ਼ਹਿਰ ਵਿੱਚ 4, ਪਠਾਨਕੋਟ, ਰੋਪੜ, ਮੋਗਾ, ਮੁਕਤਸਰ ਅਤੇ ਹੁਸ਼ਿਆਰਪੁਰ ਵਿੱਚ 3-3, ਮਾਨਸਾ ਅਤੇ ਫਰੀਦਕੋਟ ਵਿੱਚ 2-2 ਅਤੇ ਬਠਿੰਡਾ ਵਿੱਚ 1 ਮਾਮਲਾ ਸੱਜਰਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਚ ਮੌਤਾਂ ਦੀ ਗਿਣਤੀ 50, ਲੁਧਿਆਣਾ ’ਚ 30, ਜਲੰਧਰ ’ਚ 22, ਸੰਗਰੂਰ ’ਚ 17 ਅਤੇ ਪਟਿਆਲਾ ’ਚ 10 ਹੋ ਚੁੱਕੀ ਹੈ। ਪੰਜਾਬ ਦੇ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਚੌਕਸੀ ਵਧਾਉਂਦਿਆਂ ਕੰਟੇਨਮੈਂਟ ਜ਼ੋਨ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਸ਼ਨਾਖਤ ਕਰਕੇ ਲੋਕਾਂ ਦੀਆਂ ਸਰਗਰਮੀਆਂ ਸੀਮਤ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੀ ਸਥਿਤੀ ਹੋਰ ਸੂਬਿਆਂ ਤੋਂ ਬਿਹਤਰ ਹੋਣ ਦਾ ਦਾਅਵਾ
ਸਿਹਤ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਸੂਬੇ ’ਚ ਇਸ ਖ਼ਤਰਨਾਕ ਵਾਇਰਸ ਤੋਂ ਪੀੜਤਾਂ ਗਿਣਤੀ ਭਾਵੇਂ ਲਗਾਤਾਰ ਵਧ ਰਹੀ ਹੈ ਪਰ ਫਿਰ ਵੀ ਪੰਜਾਬ ਦੀ ਸਥਿਤੀ ਹੋਰਨਾਂ ਸੂਬਿਆਂ ਦੇ ਮੁਕਾਬਲੇ ਲੱਗਪਗ ਬਿਹਤਰ ਮੰਨੀ ਜਾ ਸਕਦੀ ਹੈ। ਵਿਭਾਗ ਮੁਤਾਬਕ ਪਾਜ਼ੇਟਿਵ ਮਾਮਲਿਆਂ ਦੀ ਦਰ ਪੰਜਾਬ ਵਿੱਚ ਸਿਰਫ਼ 2 ਫ਼ੀਸਦੀ ਹੈ ਜਦੋਂ ਕਿ ਮੁਲਕ ਦੇ ਹੋਰਨਾਂ ਸੂਬਿਆਂ ’ਚ ਇਹ ਦਰ 20 ਫ਼ੀਸਦੀ ਤੋਂ ਵੱਧ ਹੈ। ਸੂਬੇ ’ਚ ਕਰੋਨਾ ਮਰੀਜ਼ਾਂ ਦੀ ਮੌਤ ਦਰ 2 ਫ਼ੀਸਦੀ ਅਤੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ 70 ਫ਼ੀਸਦੀ ਤੱਕ ਹੈ, ਜੋ ਕੌਮੀ ਔਸਤ ਨਾਲੋਂ ਵਧੇਰੇ ਹੈ।