ਸ੍ਰੀ ਮੁਕਤਸਰ ਸਾਹਿਬ: ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਪੀਣ ਵਾਲੇ ਪਾਣੀ ਦੇ ਮਈ ਮਹੀਨੇ ਵਿਚ ਲਏ 20 ਨਮੂਨਿਆਂ ਵਿੱਚੋਂ 13 ਫੇਲ੍ਹ ਹੋ ਗਏ ਹਨ, ਹਾਲਾਂਕਿ ਇਨ੍ਹਾਂ ਸਕੂਲਾਂ ’ਚ ਆਰ.ਓ. ਸਿਸਟਮ ਵੀ ਲੱਗੇ ਹੋਏ ਹਨ। ਫੇਲ੍ਹ ਨਮੂਨਿਆਂ ਵਾਲੇ ਸਕੂਲਾਂ ਵਿੱਚ ਸਰਕਾਰੀ ਸਕੂਲ ਬਰੀਵਾਲਾ, ਪ੍ਰਾਇਮਰੀ ਸਕੂਲ ਬਰੀਵਾਲਾ, ਚੱਕ ਗਾਂਧਾ ਸਿੰਘ ਵਾਲਾ, ਡੋਡਾਂਵਾਲੀ ਅਤੇ ਹੋਰ ਕਈ ਸਕੂਲ ਸ਼ਾਮਲ ਹਨ। ਸਿਵਲ ਸਰਜਨ ਡਾ. ਰੰਗੂ ਸਿੰਗਲਾ ਨੇ ਦੱਸਿਆ ਕਿ ਫੇਲ੍ਹ ਨਮੂਨਿਆਂ ਦੇ ਵੇਰਵੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੂੰ ਭੇਜ ਦਿੱਤੇ ਗਏ ਹਨ। ਇਹ ਪਾਣੀ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਕਪਿਲ ਸ਼ਰਮਾ ਨੇ ਦੱਸਿਆ ਕਿ ਪਹਿਲੀ ਜੁਲਾਈ ਤੋਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਵੱਛ ਪਾਣੀ ਦੇ ਪ੍ਰਬੰਧ ਕਰ ਲਏ ਜਾਣਗੇ। -ਨਿੱਜੀ ਪੱਤਰ ਪ੍ਰੇਰਕ