ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦੇਸ਼ ਭਰ ’ਚ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਦੇ ਆਪਣੇ ਸਕੂਲ ਹੀ ਪ੍ਰੈਕਟੀਕਲ ਲੈਣਗੇ ਜੋ ਆਨਲਾਈਨ ਹੋਣਗੇ। ਕਈ ਵਿਦਿਆਰਥੀਆਂ ਨੇ ਸੀਬੀਬਐੱਸਈ ਨੂੰ ਅਪੀਲ ਕੀਤੀ ਸੀ ਕਿ ਕਰੋਨਾ ਕਾਰਨ ਉਹ ਹੋਰ ਰਾਜਾਂ ਵਿੱਚ ਫਸੇ ਹੋਏ ਹਨ। ਇਸ ਕਰ ਕੇ ਉਥੇ ਪ੍ਰੈਕਟੀਕਲ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ। ਬੋਰਡ ਨੇ ਪਹਿਲਾਂ ਵਿਦਿਆਰਥੀਆਂ ਨੂੰ ਕਹਿ ਦਿੱਤਾ ਸੀ ਕਿ ਉਹ ਜੇ ਕਿਸੇ ਹੋਰ ਰਾਜ ਵਿੱਚ ਹਨ ਤਾਂ ਉਥੋਂ ਦੇ ਕਿਸੇ ਵੀ ਸਕੂਲ ਵਿਚ ਪ੍ਰੈਕਟੀਕਲ ਦੇ ਸਕਦੇ ਹਨ।
ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਸਵਯਮ ਭਾਰਦਵਾਜ ਨੇ ਅੱਜ ਪੱਤਰ ਜਾਰੀ ਕਰ ਕੇ ਸਕੂਲਾਂ ਨੂੰ ਕਿਹਾ ਕਿ ਸਕੂਲ ਆਪਣੇ ਬੱਚਿਆਂ ਦੇ ਆਨਲਾਈਨ ਪ੍ਰੈਕਟੀਕਲ ਲੈਣ ਤੇ ਇਨ੍ਹਾਂ ਦੇ ਅੰਕ 28 ਜੂਨ ਤੋਂ ਪਹਿਲਾਂ ਬੋਰਡ ਨੂੰ ਭੇਜਣ। ਬੋਰਡ ਨੇ ਕਿਹਾ ਹੈ ਕਿ ਸਕੂਲ ਵਿਦਿਆਰਥੀਆਂ ਦੀ ਸੂਚੀ ਐਕਸਟਰਨਲ ਐਗਜ਼ਾਮੀਨਰ ਨੂੰ ਭੇਜਣ ਤੇ ਪ੍ਰੈਕਟੀਕਲ ਵਾਲੇ ਦਿਨ ਵਿਦਿਆਰਥੀਆਂ ਦੀ ਖਾਲੀ ਐਵਾਰਡ ਲਿਸਟ ਐਗਜ਼ਾਮੀਨਰ ਨੂੰ ਇਲੈਕਟਰਾਨਿਕ ਮਾਧਿਅਮ ਰਾਹੀਂ ਭੇਜੀ ਜਾਵੇਗੀ। ਇਹ ਐਗਜ਼ਾਮੀਨਰ ਹੀ ਅੰਕ ਲਾ ਕੇ ਸਕੂਲਾਂ ਨੂੰ ਲਿਸਟ ਭੇਜੇਗਾ ਤੇ ਮਗਰੋਂ ਸਕੂਲ ਇਹ ਸੂਚੀ ਬੋਰਡ ਕੋਲ ਅਪਲੋਡ ਕਰਨਗੇ।
ਕੇਂਦਰੀ ਸਿੱਖਿਆ ਮੰਤਰਾਲਾ 154 ਅਧਿਆਪਕਾਂ ਨੂੰ ਦੇਵੇਗਾ ਕੌਮੀ ਐਵਾਰਡ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਇਸ ਵਾਰ ਦੇਸ਼ ਦੇ 154 ਅਧਿਆਪਕਾਂ ਨੂੰ ਕੌਮੀ ਐਵਾਰਡ ਦਿੱਤਾ ਜਾਵੇਗਾ। ਇਸ ਐਵਾਰਡ ਲਈ ਅਧਿਆਪਕ 20 ਜੂਨ ਤਕ ਦਰਖਾਸਤ ਕਰ ਸਕਦੇ ਹਨ। ਇਸ ਐਵਾਰਡ ਵਿਚੋਂ 126 ਐਵਾਰਡ ਸੂਬਿਆਂ ਦੇ ਅਧਿਆਪਕਾਂ, 10 ਯੂਟੀਜ਼ ਤੇ 18 ਹੋਰ ਵਰਗਾਂ ਵਿਚੋਂ ਦਿੱਤੇ ਜਾਣਗੇੇ। ਅਧਿਆਪਕਾਂ ਦੇ ਨਾਂ ਦਾ ਐਲਾਨ 2 ਅਗਸਤ ਤਕ ਕਰ ਦਿੱਤਾ ਜਾਵੇਗਾ।