ਪੱਤਰ ਪ੍ਰੇਰਕ
ਪਠਾਨਕੋਟ, 21 ਸਤੰਬਰ
ਪਠਾਨਕੋਟ ਪੁਲੀਸ ਨੇ ਨਸ਼ੀਲੇ ਪਦਾਰਥਾਂ ਦੀਆਂ ਦੋ ਵੱਡੀਆਂ ਖੇਪਾਂ ਪੰਜਾਬ ਵਿੱਚ ਵੜਨ ਤੋਂ ਰੋਕ ਲਈਆਂ ਹਨ। ਇਸ ਸਬੰਧ ਵਿੱਚ ਪੁਲੀਸ ਵੱਲੋਂ ਦੋ ਟਰੱਕਾਂ ਤੇ ਇੱਕ ਕਾਰ ਵਿੱਚ ਲੁਕੋ ਕੇ ਲਿਆਂਦੀ ਜਾ ਰਹੀ 122 ਕਿੱਲੋ ਭੁੱਕੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲੀਸ ਨੇ ਸ਼ੱਕ ਪੈਣ ’ਤੇ ਜੰਮੂ-ਕਸ਼ਮੀਰ ਵੱਲੋਂ ਆ ਰਹੇ ਸੇਬਾਂ ਦੇ ਦੋ ਟਰੱਕਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਤੋਂ ਰੋਕਿਆ। ਇਨ੍ਹਾਂ ਦੋ ਟਰੱਕਾਂ ਪਿੱਛੇ ਇੱਕ ਕਾਰ ਵੀ ਆ ਰਹੀ ਸੀ।
ਵਾਹਨਾਂ ਨੂੰ ਰੋਕਣ ਮਗਰੋਂ ਜਦੋਂ ਪੁਲੀਸ ਪਾਰਟੀ ਨੇ ਤਲਾਸ਼ੀ ਲਈ ਤਾਂ ਉਕਤ ਟਰੱਕਾਂ ਤੇ ਕਾਰ ਵਿੱਚੋਂ ਕ੍ਰਮਵਾਰ 50-52 ਕਿਲੋ ਅਤੇ 20 ਕਿੱਲੋ ਭੁੱਕੀ ਬਰਾਮਦ ਹੋਈ ਹੈ। ਪੁਲੀਸ ਨੇ ਤਿੰਨੇ ਵਾਹਨ ਜ਼ਬਤ ਕਰਕੇ ਚਰਨਜੀਤ ਸਿੰਘ, ਅਮਰਜੀਤ ਵਾਸੀ ਨਾਹਰ ਚੌਕ ਚਾਟੀਵਿੰਡ, ਹੀਰਾ ਸਿੰਘ ਵਾਸੀ ਪਿੰਡ ਮਾਹਲ ਅੰਮ੍ਰਿਤਸਰ, ਰਵਿੰਦਰ ਸਿੰਘ ਵਾਸੀ ਕੋਠੇ ਪੁੰਨੀਆਂ ਮੁੱਲਾਂਪੁਰ ਸਿਟੀ, ਜਗਰਾਉਂ ਤੇ ਰਾਹੁਲ ਵਾਸੀ ਮੁਬਾਰਕਪੁਰ ਸ਼ੇਖੇ ਮਕਸੂਦਾਂ, ਜਲੰਧਰ ਖ਼ਿਲਾਫ਼ ਕੇਸ ਦਰਜ ਕੀਤੇ ਹਨ।