ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਈ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਪਿਛਲੇ 10 ਦਿਨਾਂ ਵਿੱਚ ਪੰਚਾਇਤੀ ਰਾਜ ਦੀ ਲਗਪਗ 1200 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਵਾਏ ਹਨ। ਆਉਂਦੇ ਕੁਝ ਹੀ ਦਿਨਾਂ ਵਿੱਚ ਬਾਕੀ ਪੰਚਾਇਤੀ ਜ਼ਮੀਨਾਂ ਵਿੱਚੋਂ ਵੀ ਕਬਜ਼ੇ ਛੁਡਵਾਏ ਜਾਣਗੇ। ਅੱਜ ਵੀ ਤਰਨ ਤਾਰਨ ਜ਼ਿਲ੍ਹੇ ਵਿੱਚ 100 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ।
ਇੱਥੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਪੰਚਾਇਤਾਂ ਦੀ 1200 ਏਕੜ ਜ਼ਮੀਨ ਤੋਂ ਕਬਜ਼ੇ ਛੁਡਵਾਏ ਗਏ ਹਨ। ਸ਼ਹਿਰ ਵਿੱਚ ਆਉਂਦੀ ਰਿਹਾਇਸ਼ੀ ਕਲੋਨੀ ਅਲਫਾ ਸਿਟੀ ਦੀ ਹਦੂਦ ਵਿੱਚ ਪੈਂਦੇ ਗਰਾਮ ਪੰਚਾਇਤ ਭਗਤੂਪੁਰਾ ਦੇ ਸਰਕਾਰੀ ਰਸਤੇ ਅਤੇ ਖਾਲਾਂ ਦੀ ਜ਼ਮੀਨ ਨੂੰ ਸਸਤੇ ਭਾਅ ’ਚ ਵੇਚਣ ਦੇ ਮਾਮਲੇ ਬਾਰੇ ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਉਨ੍ਹਾਂ ਖ਼ੁਦ ਜਾਂਚ ਕੀਤੀ ਹੈ। ਇਸ ਸਬੰਧੀ ਸਾਰੀ ਕਾਰਵਾਈ ਪੁਰਾਣੀ ਸਰਕਾਰ ਵੱਲੋਂ ਹੋਈ ਸੀ। ਵੇਚੀ ਗਈ ਜ਼ਮੀਨ ਦੀ ਰਕਮ ਦੀ ਪੰਚਾਇਤ ਦੇ ਨਾਂ ’ਤੇ ਐੱਫਡੀ ਕਰਵਾ ਦਿੱਤੀ ਗਈ ਹੈ। ਗਰਾਮ ਪੰਚਾਇਤ ਸਿਰਫ਼ ਇਸ ਰਕਮ ਦਾ ਵਿਆਜ਼ ਹੀ ਵਰਤ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸਰਕਾਰ ਨੇ ਇਸ ਜ਼ਮੀਨ ਦਾ ਭਾਅ 29 ਲੱਖ ਰੁਪਏ ਨਿਰਧਾਰਿਤ ਕੀਤਾ ਸੀ ਪਰ ਗਰਾਮ ਪੰਚਾਇਤ ਨੇ ਇਸ ਭਾਅ ’ਤੇ ਜ਼ਮੀਨ ਵੇਚਣ ਤੋਂ ਨਾਂਹ ਕਰ ਦਿੱਤੀ ਸੀ। ਬਾਅਦ ਵਿੱਚ ਸਰਕਾਰ ਵੱਲੋਂ ਇਸ ਦਾ ਭਾਅ 53 ਲੱਖ ਰੁਪਏ ਨਿਰਧਾਰਤ ਕੀਤਾ ਗਿਆ ਪਰ ਮੌਜੂਦਾ ਕੁਲੈਕਟਰ ਰੇਟ ਅਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਰੇਟ ਨੂੰ ਵਿਚਾਰਨ ਉਪਰੰਤ ਅਤੇ ਗਰਾਮ ਪੰਚਾਇਤ ਦੀ ਸਹਿਮਤੀ ਨਾਲ ਇਸ ਦਾ ਰੇਟ 43 ਲੱਖ ਰੁਪਏ ਪ੍ਰਤੀ ਏਕੜ ਨਿਰਧਾਰਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਅੱਜ ਵੀ ਤਰਨ ਤਾਰਨ ਵਿੱਚ 100 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਛੁਡਾਇਆ ਗਿਆ ਹੈ। ਨਸ਼ਿਆਂ ਖ਼ਿਲਾਫ਼ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ ਨੂੰ ਜਲਦੀ ਹੀ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਇਸ ਸਬੰਧੀ ਮੁੱਖ ਮੰਤਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਕ ਹੋਰ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਸਤਲੁਜ, ਬਿਆਸ ਅਤੇ ਰਾਵੀ ਦੇ ਪਾਣੀ ਦੀ ਵਰਤੋਂ ਖੇਤੀ ਅਤੇ ਪੀਣ ਲਈ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।