ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਜੁਲਾਈ
ਰਾਜਪੁਰਾ ਬਾਈਪਾਸ ਨੇੜੇ ਮੁਕਤ ਸਕੂਲ ਲਾਗੇ ਅੱਜ ਤੜਕੇ ਟੈਂਕਰ ਅਤੇ ਪੀਆਰਟੀਸੀ ਦੀ ਬੱਸ ਦਰਮਿਆਨ ਟੱਕਰ ਕਾਰਨ ਬੱਸ ਦੇ ਡਰਾਈਵਰ, ਕੰਡਕਟਰ ਸਣੇ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ। ਜ਼ਖ਼ਮੀਆਂ ਨੂੰ ਪਹਿਲਾਂ ਏਪੀਜੈਨ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਹਾਲਤ ਗੰਭੀਰ ਹੋਣ ਕਾਰਨ ਦੋ ਨੂੰ ਪੀਜੀਆਈ ਤੇ ਦੋ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਲੰਘੀ ਰਾਤ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਦੀ ਇਕ ਬੱਸ ਦਾ ਟਾਇਰ ਫਟ ਗਿਆ ਸੀ ਜਿਸ ਕਰਕੇ ਡਰਾਈਵਰ ਨੇ ਇਹ ਬੱਸ ਸੜਕ ’ਤੇ ਹੀ ਡਿਵਾਈਡਰ ਨਾਲ ਖੜ੍ਹਾ ਦਿੱਤੀ ਸੀ ਪਰ ਅੱੱਧੀ ਰਾਤ ਵੇਲੇ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੇ ਟੈਂਕਰ ਨੇ ਇਸ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਡਿਵਾਈਡਰ ਟੱਪ ਕੇ ਸੜਕ ਦੇ ਦੂਜੇ ਪਾਸੇ ਚਲੀ ਗਈ। ਇਸ ਤੋਂ ਬਾਅਦ ਟਰਾਲਾ ਚਾਲਕ ਫਰਾਰ ਹੋ ਗਿਆ ਪਰ ਟਰਾਲਾ ਸੜਕ ’ਤੇ ਹੀ ਖੜ੍ਹਾ ਰਿਹਾ। ਅੱਜ ਤੜਕੇ ਜਦੋਂ ਪੀਆਰਟੀਸੀ ਦੀ ਇਕ ਹੋਰ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਇਹ ਬੱਸ ਸੜਕ ’ਤੇ ਖੜ੍ਹੇ ਟੈਂਕਰ ’ਚ ਜਾ ਵੱਜੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਨੇ ਟੈਂਕਰ ਨੂੰ ਡਿਵਾਈਡਰ ਟਪਾ ਕੇ ਦੂਜੇ ਪਾਸੇ ਧੱਕ ਦਿੱਤਾ, ਬੱਸ ਦੇ ਪਰਖਚੇ ਉੱਡ ਗਏ ਤੇ ਬੱਸ ਪਲਟ ਵੀ ਗਈ। ਜ਼ਖ਼ਮੀਆਂ ’ਚ ਸੁਰਿੰਦਰ ਸਿੰਘ ਪਿੰਡ ਡੀਜੋਰ (ਫ਼ਰੀਦਕੋਟ), ਲਵਪ੍ਰੀਤ ਸਿੰਘ ਵਾਸੀ ਸ਼ਾਹਦੇਹਾਸ਼ਮ (ਫਿਰੋਜ਼ਪੁਰ), ਵੀਨਾ ਰਾਣੀ (ਮੰਡੀ ਡੱਬਵਾਲੀ) ਤੇ ਤਰਸੇਮ ਸਿੰਘ ਵਾਸੀ ਰਸੂਲਪੁਰ (ਪਟਿਆਲਾ) ਏਪੀਜੈਨ ਸਿਵਲ ਹਸਪਤਾਲ ਰਾਜਪੁਰਾ ’ਚ ਦਾਖ਼ਲ ਹਨ ਪਰ ਹਾਲਤ ਗੰਭੀਰ ਹੋਣ ਕਾਰਨ ਜਤਿੰਦਰ ਕੌਰ ਵਾਸੀ ਸਨੌਰ ਅਤੇ ਜਤਿੰਦਰਪਾਲ ਸਿੰਘ ਵਾਸੀ ਬਠਿੰਡਾ ਨੂੰ ਪੀਜੀਆਈ ਜਦਕਿ ਹਰਪ੍ਰੀਤ ਕੌਰ ਨੂੰ ਆਰੀਆ ਸਮਾਜ ਪਟਿਆਲਾ ਅਤੇ ਮਾਨਸੀ ਵਾਸੀ ਐਸਐਸਟੀ ਨਗਰ ਪਟਿਆਲਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਕਰਵਾਇਆ ਗਿਆ ਹੈ। ਰਾਜਪੁਰਾ ਦੀ ‘ਆਪ’ ਵਿਧਾਇਕਾ ਨੀਨਾ ਮਿੱਤਲ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।