ਗੁਰਦਾਸਪੁਰ (ਕੇ ਪੀ ਸਿੰਘ): ਪਾਕਿਸਤਾਨ ਵੱਲੋਂ ਸ਼ਨਿਚਰਵਾਰ ਰਾਤ ਨੂੰ ਭਾਰਤੀ ਇਲਾਕੇ ਵਿਚ ਡਰੋਨ ਭੇਜੇ ਜਾਣ ਦੀ ਘਟਨਾ ਮਗਰੋਂ ਐਤਵਾਰ ਦੇਰ ਸ਼ਾਮ ਪੰਜਾਬ ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਸਲਾਚ ’ਚ ਗੰਨੇ ਦੇ ਖੇਤਾਂ ਵਿਚੋਂ 11 ਹੈਂਡ ਗਰਨੇਡ ਬਰਾਮਦ ਕੀਤੇ ਹਨ। ਸ਼ਨਿਚਰਵਾਰ ਰਾਤ ਕਰੀਬ ਸਾਢੇ 11 ਵਜੇ ਭਾਰਤ-ਪਾਕਿਸਤਾਨ ਸੀਮਾ ਦੀ ਚਕਰੀ ਪੋਸਟ ਨੇੜੇ ਪਾਕਿਸਤਾਨ ਤੋਂ ਆਏ ਡਰੋਨ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਉਸ ਨੂੰ ਡੇਗਣ ਲਈ ਫਾਇਰ ਕੀਤੇ ਸਨ। ਇਸ ਮਗਰੋਂ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਸੀ। ਡਰੋਨ ਭਾਰਤੀ ਇਲਾਕੇ ਵਿੱਚ ਕਰੀਬ ਇਕ ਮਿੰਟ ਤੱਕ ਰਿਹਾ। ਬੀਐੱਸਐੱਫ ਅਤੇ ਥਾਣਾ ਦੋਰਾਂਗਲਾ ਦੀ ਪੁਲੀਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਐਤਵਾਰ ਨੂੰ ਪੂਰਾ ਦਿਨ ਸਰਚ ਅਭਿਆਨ ਚਲਾਇਆ ਸੀ। ਪੰਜਾਬ ਪੁਲੀਸ ਨੇ ਸਰਹੱਦੀ ਪਿੰਡ ਸਲਾਚ ਦੇ ਖੇਤ ਵਿੱਚ ਪੈਕੇਟ ਵਿੱਚ ਬੰਨ੍ਹ ਕੇ ਸੁੱਟੇ ਗਏ 11 ਗਰਨੇਡ ਬਰਾਮਦ ਹੋਣ ਦਾ ਦਾਅਵਾ ਕੀਤਾ। ਪੁਲੀਸ ਮੁਤਾਬਕ ਪਾਕਿਸਤਾਨ ਵੱਲੋਂ ਧੁੰਦ ਦਾ ਫ਼ਾਇਦਾ ਉਠਾ ਕੇ ਸਰਹੱਦੀ ਇਲਾਕੇ ਵਿਚ ਡਰੋਨ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ ਬਾਰੂਦ ਭੇਜੇ ਜਾਣ ਦੀਆਂ ਖ਼ੁਫ਼ੀਆ ਜਾਣਕਾਰੀਆਂ ਮਿਲ ਰਹੀਆਂ ਸਨ। ਇਸ ਸਬੰਧੀ ਥਾਣਾ ਦੋਰਾਂਗਲਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੀਨਾਨਗਰ ਦੇ ਡੀਐੱਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਬਰਾਮਦ ਹੋਏ ਗਰਨੇਡਾਂ ਸਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਧਰ ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਅਨੁਸਾਰ ਬਰਾਮਦ ਕੀਤੇ ਹੈਂਡ ਗਰਨੇਡ ਆਸਟਰਿਆਈ ਨੇਚਰ ਦੇ ਹਨ ਅਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ।