ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਸਤੰਬਰ
ਮੰਗਾਂ ਦੀ ਪੂਰਤੀ ਲਈ ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਆਧਾਰਤ ਮੁਲਾਜ਼ਮਾਂ ਦੀ ਨੌਂ ਦਿਨ ਚੱਲੀ ਹੜਤਾਲ ਕਾਰਨ ਜਿੱਥੇ ਹਜ਼ਾਰਾਂ ਮੁਸਾਫ਼ਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਪੀਆਰਟੀਸੀ ਨੂੰ ਗਿਆਰਾਂ ਕਰੋੜ ਦਾ ਘਾਟਾ ਪਿਆ ਹੈ। ਪੀਆਰਟੀਸੀ ਦੇ ਕਰੀਬ ਸਾਢੇ ਤਿੰਨ ਹਜ਼ਾਰ ਕਾਮੇ ਹੜਤਾਲ ’ਤੇ ਰਹੇ। ਅਦਾਰੇ ਨੇ ਭਾਵੇਂ ਰੈਗੂਲਰ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰਨ ਸਮੇਤ ਆਸੇ-ਪਾਸੇ ਡਿਊਟੀਆਂ ਨਿਭਾਉਣ ਵਾਲਿਆਂ ਨੂੰ ਵੀ ਵਰਤਿਆ ਪਰ ਫਿਰ ਵੀ 25 ਕੁ ਫੀਸਦੀ ਬੱਸਾਂ ਹੀ ਚੱਲੀਆਂ।
ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਦੱਸਿਆ ਕਿ ਇਸ ਹੜਤਾਲ ਦੌਰਾਨ ਅਦਾਰੇ ਨੂੰ ਤਕਰੀਬਨ ਗਿਆਰਾਂ ਕਰੋੜ ਰੁਪਏ ਦਾ ਘਾਟਾ ਪਿਆ ਹੈ। ਰੋਜ਼ਾਨਾ ਦਾ ਡੇਢ ਕਰੋੜ ਮਾਲੀਆ ਹੜਤਾਲ ਕਰਕੇ 25-30 ਲੱਖ ਹੀ ਰਹਿ ਗਿਆ ਸੀ।
ਇਸ ਹੜਤਾਲ ਦੌਰਾਨ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮਹਿੰਗੇ ਭਾਅ ’ਤੇ ਵਾਹਨ ਕਿਰਾਏ ’ਤੇ ਲਿਜਾਣੇ ਪਏ ਜਾਂ ਆਪਣੇ ਸਾਧਨਾਂ ਵੀ ਵਰਤੋਂ ਕਰਨੀ ਪਈ। ਖਾਸ ਕਰਕੇ ਔਰਤਾਂ, ਜਿਨ੍ਹਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਪ੍ਰਦਾਨ ਹੈ, ਨੂੰ ਵੀ ਨਿੱਜੀ ਬੱਸਾਂ ’ਚ ਟਿਕਟ ਲੈ ਕੇ ਸਫਰ ਕਰਨ ਲਈ ਮਜਬੂਰ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਸੈਫਦੀਪੁਰ, ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਮਹੂਰੀ ਅਧਿਕਾਰ ਸਭਾ ਦੇ ਆਗੂ ਵਿਧੂ ਸ਼ੇਖਰ ਭਾਰਦਵਾਜ ਅਤੇ ਕਿਸਾਨ ਆਗੂ ਮਨਜੀਤ ਨਿਆਲ ਨੇ ਵੱਖ-ਵੱਖ ਬਿਆਨ ਜਾਰੀ ਕਰ ਕੇ ਇਸ ਹੜਤਾਲ ਦੌਰਾਨ ਲੋਕਾਂ ਨੂੰ ਹੋਈ ਖੱਜਲ-ਖੁਆਰੀ ਦਾ ਠੀਕਰਾ ਸਰਕਾਰ ਸਿਰ ਭੰਨਿਆ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਗਾਂ ਮੰੰਨ ਲੈਂਦੀ ਤਾਂ ਕੱਚੇ ਮੁਲਾਜ਼ਮਾਂ ਨੂੰ ਇਹ ਹੜਤਾਲ ਨਾ ਕਰਨੀ ਪੈਂਦੀ।