ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਪੰਜਾਬ ਪੁਲੀਸ ਨੇ ਪਿਛਲੇ ਇੱਕ ਹਫ਼ਤੇ ਵਿੱਚ ਐੱਨਡੀਪੀਐੱਸ ਐਕਟ ਤਹਿਤ 33 ਵਪਾਰਕ ਮਾਮਲਿਆਂ ਸਣੇ 271 ਕੇਸ ਦਰਜ ਕਰ ਕੇ 353 ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਆਈਜੀ (ਹੈੱਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ’ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲੀਸ ਨੇ ਇੱਕ ਹਫ਼ਤੇ ਵਿੱਚ 11.56 ਕਿੱਲੋ ਹੈਰੋਇਨ, 13.51 ਕਿੱਲੋ ਅਫੀਮ, 900 ਗ੍ਰਾਮ ਗਾਂਜਾ, ਅੱਠ ਕੁਇੰਟਲ ਭੁੱਕੀ, 88014 ਲੱਖ ਨਸ਼ੇ ਦੀਆਂ ਗੋਲੀਆਂ/ਕੈਪਸੂਲ/ਟੀਕਿਆਂ ਤੋਂ ਇਲਾਵਾ 20 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ’ਚ ਐੱਨਡੀਪੀਐੱਸ ਕੇਸਾਂ ਵਿੱਚ 11 ਹੋਰ ਭਗੌੜੇ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 376 ਹੋ ਗਈ ਹੈ।