ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੂਨ
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਨਾਲ ਅੱਜ 41 ਵਿਅਕਤੀਆਂ ਦੇ ਪੀੜਤ ਹੋਣ ਦਾ ਸਮਾਚਾਰ ਹੈ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਹੜੇ ਕਿ ਕਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਘਰੇਲੂ ਇਕਾਂਤਵਾਸ ’ਤੇ ਚੱਲ ਰਹੇ 63 ਮਰੀਜ਼ਾਂ ਦਾ ਇਕਾਂਤਵਾਸ ਖ਼ਤਮ ਹੋ ਗਿਆ ਹੈ ਜਿਸ ਦੌਰਾਨ ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ ਘਟ ਕੇ 462 ਰਹਿ ਗਿਆ ਹੈ।
ਐਸ.ਏ.ਐਸ. ਨਗਰ (ਮੁਹਾਲੀ), (ਪੱਤਰ ਪ੍ਰੇਰਕ) ਮੁਹਾਲੀ ਜ਼ਿਲ੍ਹੇ ’ਚ ਬੁੱਧਵਾਰ ਨੂੰ ਕਰੋਨਾ ਮਹਾਮਾਰੀ ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਚਾਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਤੇ ਹੁਣ ਤੱਕ 1033 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ (ਪੱਤਰ ਪ੍ਰੇਰਕ) ਪੰਚਕੂਲਾ ਵਿੱਚ ਅੱਜ 20 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ 16 ਕਰੋਨਾ ਕੇਸ ਪੰਚਕੂਲਾ ਦੇ ਹਨ ਤੇ ਬਾਕੀ ਗੁਆਂਢੀ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਮਰੀਜ਼ਾਂ ਵਿਚ 8 ਆਦਮੀ ਤੇ 8 ਔਰਤਾਂ ਸ਼ਾਮਲ ਹਨ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ) ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਅੱਜ ਕਰੋਨਾ ਕਾਰਨ 3 ਮੌਤਾ ਹੋਈਆਂ ਜਦੋਂਕਿ 16 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਐਕਟਿਵ ਕੇਸਾਂ ਦੀ ਗਿਣਤੀ 145 ਹੋ ਗਈ ਹੈ ਜਦੋਂਕਿ ਹੁਣ ਤੱਕ ਇਸ ਮਹਾਂਮਾਰੀ ਨਾਲ ਜ਼ਿਲ੍ਹੇ ਵਿੱਚ 259 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਰੂਪਨਗਰ (ਪੱਤਰ ਪ੍ਰੇਰਕ) ਰੂਪਨਗਰ ਜ਼ਿਲ੍ਹੇ ਵਿੱਚ ਅੱਜ 18 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂਕਿ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋ ਗਈ ਹੈ।