ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕੋਵਿਡ-19 ਦੇ ਹੋਰ ਫੈਲਾਅ ਨੂੰ ਰੋਕਣ ਲਈ ਮਾਈਕਰੋ ਅਤੇ ਸੀਮਤ ਜ਼ੋਨਾਂ ਵਿੱਚ ਰੈਪਿਡ ਐਂਟੀਜਨ ਟੈਸਟ ਵਿਧੀ ਦੀ ਵਰਤੋਂ ਕਰ ਕੇ 100 ਫ਼ੀਸਦੀ ਟੈਸਟਿੰਗ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੂਬੇ ਵਿੱਚ ਕੋਵਿਡ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ, ਜ਼ਿਲ੍ਹਾ ਪੁਲੀਸ ਮੁਖੀਆਂ ਅਤੇ ਸਿਵਲ ਸਰਜਨਾਂ ਨੂੰ ਪੂਰੀ ਤਵੱਜੋ ਦੇ ਕੇ ਸੰਪਰਕ ਵਾਲੇ ਵਿਅਕਤੀਆਂ ਖ਼ਾਸ ਕਰ ਹਰ ਕੋਵਿਡ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਘੱਟੋ-ਘੱਟ 10 ਵਿਅਕਤੀਆਂ ਦਾ ਪਤਾ ਲਗਾਉਣ ਲਈ ਆਖਿਆ ਗਿਆ ਹੈ। ਉਨ੍ਹਾਂ ਇਹ ਨਿਰਦੇਸ਼ ਵੀ ਦਿੱਤੇ ਕਿ ਸਮੁੱਚੇ ਦਫ਼ਤਰਾਂ, ਵਪਾਰਕ ਅਦਾਰਿਆਂ, ਉਦਯੋਗਿਕ ਯੂਨਿਟਾਂ ਅਤੇ ਮੈਰਿਜ ਪੈਲੇਸਾਂ ਆਦਿ, ਜਿੱਥੇ 10 ਤੋਂ ਵਧੇਰੇ ਵਿਅਕਤੀ ਇਕੱਠੇ ਹੁੰਦੇ ਹਨ, ’ਚ ਸਿਹਤ ਅਤੇ ਸੁਰੱਖਿਆ ਉਪਾਵਾਂ ਦੀ ਪੂਰੀ ਬਾਰੀਕੀ ਨਾਲ ਪਾਲਨਾ ਨੂੰ ਯਕੀਨੀ ਬਣਾਉਣ ਲਈ ‘ਕੋਵਿਡ ਮੋਨੀਟਰਾਂ’ ਦੀ ਲਾਜ਼ਮੀ ਨਿਯੁਕਤੀ ਕੀਤੇ ਜਾਵੇ। ਇਹ ਮੋਨੀਟਰ ਕੰਮ ਵਾਲੀਆਂ ਥਾਵਾਂ ਨੂੰ ਸਾਫ ਤੇ ਕੀਟਾਣੂ ਰਹਿਤ ਰੱਖੇ ਜਾਣ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ।
ਕਰੋਨਾ ਨਾਲ ਝੰਬੇ 4 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰਾਂ, ਪੁਲੀਸ ਕਮਿਸ਼ਨਰਾਂ, ਐੱਸਐੱਸਪੀਜ਼ ਅਤੇ ਸਿਵਲ ਸਰਜਨਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਸੈਕਟਰਾਂ ਵਿੱਚ ਵੰਡਣ ਲਈ ਕਿਹਾ। ਉਨ੍ਹਾਂ ਸ਼ਹਿਰਾਂ ਦੇ ਪੁਰਾਣੇ ਇਲਾਕਿਆਂ ਵਿਚ ਜੰਗੀ ਪੱਧਰ ’ਤੇ ਟੈਸਟਿੰਗ ਸ਼ੁਰੂ ਕਰਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗਿਆਨ ਸਾਗਰ ਹਸਪਤਾਲ ਅਤੇ ਸਿਵਲ ਹਸਪਤਾਲ ਮੁਹਾਲੀ ਵਿੱਚ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਧਾਰਮਿਕ ਸੰਸਥਾਵਾਂ ਦੇ ਹੋਰ ਮੁਖੀਆਂ ਨੂੰ ਬੇਨਤੀ ਕਰਨ ਕਿ ਉਹ ਲੋਕਾਂ ਨੂੰ ਵਾਇਰਸ ਤੋਂ ਬਚਣ ਦੀ ਅਪੀਲ ਕਰਨ।