ਚੰਡੀਗੜ੍ਹ: ਆਬੂਧਾਬੀ ਵਿੱਚ ਘੱਟੋ-ਘੱਟ 100 ਪੰਜਾਬੀ ਪਰਵਾਸੀ ਕਾਮੇ ਬਿਨਾਂ ਪਾਸਪੋਰਟ ਦੇ ਫਸੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਕਾਮਿਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸੁਰੱਖਿਅਤ ਅਤੇ ਛੇਤੀ ਤੋਂ ਛੇਤੀ ਦੇਸ਼ ਲਿਆਉਣ ਵਿੱਚ ਮਦਦ ਕੀਤੀ ਜਾਵੇ। ਪੰਜਾਬ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਪਰ ਪਾਸਪੋਰਟ ਵਾਪਸ ਨਹੀਂ ਦਿੱਤੇ ਗਏ, ਜਿਸ ਕਾਰਨ ਉਹ ਭਾਰਤ ਨਹੀਂ ਆ ਸਕੇ। ਸਮਾਜਸੇਵੀ ਦਿਲਬਾਗ ਸਿੰਘ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਜਲਦੀ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਜੈਸ਼ੰਕਰ ਨੇ ਦੁਬਈ ਵਿੱਚ ਭਾਰਤੀ ਕੌਂਸਲੇਟ ਨੂੰ ਉਥੇ ਫਸੇ ਮੁਲਾਜ਼ਮਾਂ ਦੀ ਮਦਦ ਕਰਨ ਅਤੇ ਜਲਦੀ ਭਾਰਤ ਭੇਜਣ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। -ਆਈਏਐੱਨਐੱਸ