ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਅਪਰੈਲ
ਪੰਜਾਬ ਦੇ ਕੁੱਝ ਨਿੱਜੀ ਸਕੂਲਾਂ ਤੇ ਮਾਪਿਆਂ ਵਿਚਾਲੇ ਫੀਸਾਂ ਸਬੰਧੀ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ ਹੈ। ਸੂਬੇ ਦੇ ਚਾਰ ਜ਼ਿਲ੍ਹਿਆਂ ਦੇ 100 ਤੋਂ ਵਧ ਸਕੂਲਾਂ ਨੇ ਮਾਪਿਆਂ ਦੀ ਜਥੇਬੰਦੀ ਨਾਲ ਰਲ ਕੇ ਨਵੀਂ ਜਥੇਬੰਦੀ ‘ਭਾਈ ਲਾਲੋ ਸਕੂਲ ਤੇ ਮਾਪੇ ਐਸੋਸੀਏਸ਼ਨ’ ਬਣਾਈ ਹੈ, ਜਿਨ੍ਹਾਂ ਪਿਛਲੇ ਸਾਲ ਦੀ ਪੂਰਨ ਫੀਸ ਅਤੇ ਮੌਜੂਦਾ ਸਾਲ ਦੇ ਸਾਲਾਨਾ ਫੰਡ ਮੁਆਫ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜੇ ਪੰਜਾਬ ਵਿਚ ਦੁਬਾਰਾ ਤਾਲਾਬੰਦੀ ਹੁੰਦੀ ਹੈ ਤਾਂ ਇਹ ਸਕੂਲ ਮਹੀਨੇ ਦੀ ਫੀਸ ਵਿਚ 25 ਫੀਸਦ ਕਟੌਤੀ ਕਰਨਗੇ। ਇਸ ਫ਼ੈਸਲੇ ਦੀ ਕਾਪੀ ਅੱਜ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਭੇਜ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸੂਬੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ 9,000 ਤੇ ਸੀਬੀਐੱਸਈ ਨਾਲ ਸਬੰਧਤ 1,600 ਸਕੂਲ ਹਨ। ਇਨ੍ਹਾਂ ’ਚੋਂ ਪੰਜਾਬ ਬੋਰਡ ਨਾਲ ਸਬੰਧਤ ਸਕੂਲ ਹੀ ਮਾਪਿਆਂ ਦੀ ਜਥੇਬੰਦੀ ਨਾਲ ਜੁੜੇ ਹਨ, ਜਿਨ੍ਹਾਂ ਫੀਸਾਂ ਮੁਆਫ ਕਰਨ ’ਤੇ ਸਹਿਮਤੀ ਦਿੱਤੀ ਹੈ। ਇਨ੍ਹਾਂ ਵਿੱਚ ਬਠਿੰਡਾ ਦੇ 20, ਅੰਮ੍ਰਿਤਸਰ ਦੇ 20, ਜਲੰਧਰ ਦੇ 40 ਤੇ ਫਗਵਾੜਾ ਦੇ 25 ਸਕੂਲ ਸ਼ਾਮਲ ਹਨ। ਇਸ ਫੈਸਲੇ ਸਬੰਧੀ ਐਲਾਨ ਅੱਜ ਚੰਡੀਗੜ੍ਹ ਵਿੱਚ ਐਡਵੋਕੇਟ ਆਰ.ਐੱਸ ਬੈਂਸ, ਸਤਨਾਮ ਸਿੰਘ ਦਾਊਂ ਅਤੇ ਹਰਨੇਕ ਸਿੰਘ ਜੋਸਨ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ਦੇ ਮੋਹਰੀ ਸਕੂਲਾਂ ਵੱਲੋਂ ਮਾਪਿਆਂ ਦੇ ਬੱਚਿਆਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਪਰ ਕੁਝ ਸਕੂਲਾਂ ਦੇ ਫੀਸ ਮੁਆਫ ਕਰਨ ਦੇ ਐਲਾਨ ਨਾਲ ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ। ਸ੍ਰੀ ਦਾਊਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਹੋਰ ਜ਼ਿਲ੍ਹਿਆਂ ਦੇ ਸਕੂਲਾਂ ਦੇ ਸੰਪਰਕ ਵਿੱਚ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਸਕੂਲ ਵੀ ਜੁੜ ਕੇ ਫੀਸ ਮੁਆਫ ਕਰਨ ਦਾ ਐਲਾਨ ਕਰਨਗੇ।
ਮੁੱਖ ਮੰਤਰੀ ਤੋਂ ਸਕੂਲਾਂ ਨੂੰ ਰਾਹਤ ਦੇਣ ਦੀ ਮੰਗ
ਭਾਈ ਲਾਲੋ ਜਥੇਬੰਦੀ ਨੇ ਅੱਜ ਮੁੱਖ ਮੰਤਰੀ ਨੂੰ ਪਿਛਲੇ ਸਾਲ ਦੀ ਫੀਸ ਮੁਆਫੀ ਦੇ ਫੈਸਲੇ ਦੀ ਕਾਪੀ ਭੇਜ ਦਿੱਤੀ ਹੈ। ਉਨ੍ਹਾਂ ਪੱਤਰ ਭੇਜਦਿਆਂ ਕਿਹਾ ਕਿ ਸੂਬੇ ਦੇ ਨਿੱਜੀ ਸਕੂਲ ਪ੍ਰਬੰਧਕਾਂ ਤੇ ਗਰੀਬ ਮਾਪਿਆਂ ਵਿੱਚ ਫੀਸਾਂ ਦੇ ਮਾਮਲੇ ਕਾਰਨ ਕੁੜੱਤਣ ਵਧ ਗਈ ਹੈ, ਜਿਸ ਨੂੰ ਖ਼ਤਮ ਕਰਨ ਲਈ ਕੁਝ ਸਕੂਲਾਂ ਤੇ ਮਾਪਿਆਂ ਨੇ ਪਹਿਲਕਦਮੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਫੀਸਾਂ ਮੁਆਫ ਕਰਨ ਨਾਲ ਸਕੂਲਾਂ ’ਤੇ ਆਰਥਿਕ ਬੋਝ ਵਧੇਗਾ, ਇਸ ਕਰਕੇ ਸਕੂਲਾਂ ਦੇ ਬੱਸਾਂ ਦੇ ਰੋਡ ਟੈਕਸ, ਪਰਮਿਟ, ਬਿਲਡਿੰਗ ਸੇਫਟੀ, ਫਾਇਰ ਸੇਫਟੀ ਅਤੇ ਪ੍ਰਾਪਰਟੀ ਟੈਕਸ ਆਦਿ ਵਿੱਚ ਛੋਟ ਦਿੱਤੀ ਜਾਵੇ।