ਜਗਮੋਹਨ ਸਿੰਘ
ਰੂਪਨਗਰ, 8 ਅਗਸਤ
ਸਥਾਨਕ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਪਿੰਦਰੀ ਗੈਂਗ ਦੇ 10 ਗੈਂਗਸਟਰਾਂ ਨੂੰ ਕਾਬੂ ਕਰ ਕੇ 7 ਨਾਜਾਇਜ਼ ਹਥਿਆਰ ਅਤੇ 51 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਐਂਟੀ ਗੈਂਗਸਟਰ ਟਾਸਕ ਫੋਰਸ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਰੂਪਨਗਰ ਪੁਲੀਸ ਦੀ ਟੀਮ ਵੱਲੋਂ ਪਿੰਦਰੀ ਗਰੋਹ ਦੇ ਮੁੱਖ ਸਰਗਣਾ ਪਰਮਿੰਦਰ ਸਿੰਘ ਉਰਫ਼ ਪਿੰਦਰੀ ਸਣੇ ਬਲਜਿੰਦਰ ਸਿੰਘ ਉਰਫ਼ ਬਿੱਲਾ, ਗੁਰਦੀਪ ਸਿੰਘ ਉਰਫ਼ ਗੋਗੀ, ਜਸਪ੍ਰੀਤ ਸਿੰਘ ਉਰਫ਼ ਮੱਕੜ, ਗੁਰਪ੍ਰੀਤ ਸਿੰਘ ਉਰਫ਼ ਭੋਲੂ, ਇਕਬਾਲ ਮੁਹੰਮਦ, ਸੁਰਿੰਦਰ ਸਿੰਘ ਉਰਫ਼ ਛਿੰਦਾ, ਦਾਰਾ ਸਿੰਘ ਉਰਫ਼ ਦਾਰਾ, ਸੁਖਵਿੰਦਰ ਸਿੰਘ ਉਰਫ਼ ਕਾਕਾ ਅਤੇ ਰੌਬਿਨ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਗੈਂਗਸਟਰਾਂ ਤੋਂ ਸੱਤ ਨਾਜਾਇਜ਼ ਹਥਿਆਰ ਤੇ 51 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਦਰੀ ਖ਼ਿਲਾਫ਼ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲੀਸ ਸਟੇਸ਼ਨਾਂ ਵਿੱਚ 22 ਕੇਸ ਦਰਜ ਹਨ। ਇਸੇ ਤਰ੍ਹਾਂ ਬਲਜਿੰਦਰ ਖਿਲਾਫ਼ ਦੋ, ਗੁਰਪ੍ਰੀਤ, ਜਸਪ੍ਰੀਤ ਅਤੇ ਗੁਰਦੀਪ ਦੇ ਖਿਲਾਫ਼ ਇੱਕ-ਇੱਕ, ਇਕਬਾਲ ਮੁਹੰਮਦ ਖਿਲਾਫ਼ ਸੱਤ, ਸੁਰਿੰਦਰ ਖ਼ਿਲਾਫ਼ ਚਾਰ ਅਤੇ ਦਾਰਾ ਖ਼ਿਲਾਫ਼ 24 ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਪਿੰਦਰੀ ਗ੍ਰਿਫ਼ਤਾਰੀ ਤੋਂ ਬਚਣ ਲਈ ਹਿਮਾਚਲ ਪ੍ਰਦੇਸ਼ ਵਿੱਚ ਲੁਕਿਆ ਹੋਇਆ ਸੀ। ਉੱਥੋਂ ਹੀ ਉਹ ਆਪਣੀਆਂ ਅਪਰਾਧਕ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਮੁੱਖ ਮੁਲਜ਼ਮ ਪਿੰਦਰੀ ਵੱਡੀ ਮਾਤਰਾ ਵਿੱਚ ਨਸ਼ਾ ਤਸਕਰੀ ਵੀ ਕਰਦਾ ਸੀ।
ਪੁਲੀਸ ਵੱਲੋਂ ਇੱਕ ਹਫ਼ਤੇ ’ਚ 472 ਨਸ਼ਾ ਤਸਕਰ ਕਾਬੂ
ਚੰਡੀਗੜ੍ਹ (ਟਨਸ): ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਲੰਘੇ ਇੱਕ ਹਫ਼ਤੇ ਦੌਰਾਨ ਪੁਲੀਸ ਨੇ ਐੱਨਡੀਪੀਐੱਸ ਐਕਟ ਤਹਿਤ 354 ਕੇਸ ਦਰਜ ਕਰ ਕੇ 472 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈਜੀ (ਹੈੱਡਕੁਆਰਟਰ) ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਕੋਲੋਂ 5.53 ਕਿਲੋ ਹੈਰੋਇਨ, 21.9 ਕਿਲੋ ਅਫੀਮ, 21.5 ਕਿਲੋ ਗਾਂਜਾ, 6 ਕੁਇੰਟਲ ਭੁੱਕੀ ਅਤੇ 1.46 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ ਟੀਕੇ/ਮੈਡੀਕਲ ਨਸ਼ੇ ਦੀਆਂ ਸ਼ੀਸ਼ੀਆਂ ਜ਼ਬਤ ਕਰਨ ਤੋਂ ਇਲਾਵਾ 23.37 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੁਲੀਸ ਵੱਲੋਂ ਨਸ਼ਾ ਪ੍ਰਭਾਵਿਤ ਖੇਤਰਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਅਤੇ ਨਾਕਾਬੰਦੀ ਤੋਂ ਬਾਅਦ ਅਮਲ ਵਿੱਚ ਆਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਅਤੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਸਾਰੇ ਸੀਪੀ/ਐੱਸਐੱਸਪੀਜ਼ ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਨਤਕ ਮੀਟਿੰਗਾਂ, ਨਸ਼ਾ ਪ੍ਰਭਾਵਿਤ ਪਿੰਡਾਂ ਦਾ ਦੌਰਾ, ਸੈਮੀਨਾਰ, ਵਿਧਾਇਕਾਂ, ਸਰਪੰਚਾਂ ਅਤੇ ਕੌਂਸਲਰਾਂ ਨਾਲ ਸਾਂਝੀਆਂ ਮੀਟਿੰਗਾਂ ਕਰਨ ਤੋਂ ਇਲਾਵਾ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਸ਼ਾਮਲ ਕਰ ਕੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।