ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੈਨੇਡਾ ਆਧਾਰਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਸਿਰ 10 ਲੱਖ ਰੁਪਏ ਦਾ ਨਕਦ ਇਨਾਮ ਦਾ ਐਲਾਨ ਕੀਤਾ ਹੈ, ਜਿਸਦਾ ਨਾਂ ਪਿਛਲੇ ਵਰ੍ਹੇ ਜਲੰਧਰ ’ਚ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜਿਸ਼ ਨਾਲ ਜੁੜਿਆ ਹੈ। ਜਲੰਧਰ ਦੇ ਫਿਲੌਰ ਇਲਾਕੇ ਦੇ ਪਿੰਡ ਭਰਸਿੰਘਪੁਰ ਦੇ ਵਸਨੀਕ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਸਿਰ ਇਨਾਮ ਦਾ ਇਹ ਐਲਾਨ ਜਾਂਚ ਏਜੰਸੀ ਵੱਲੋਂ ਉਸ ਤੇ ਤਿੰਨ ਹੋਰ ਜਣਿਆਂ ਖ਼ਿਲਾਫ਼ ਇਸ ਪੁਜਾਰੀ ’ਤੇ ਹਮਲੇ ਨਾਲ ਜੁੜੇ ਕੇਸ ਦੇ ਸਬੰਧ ’ਚ ਚਾਰਜਸ਼ੀਟ ਦਾਖ਼ਲ ਕਰਨ ਤੋਂ ਲਗਪਗ ਤਿੰਨ ਹਫ਼ਤਿਆਂ ਬਾਅਦ ਕੀਤਾ ਗਿਆ ਹੈ। ਕੌਮੀ ਜਾਂਚ ਏਜੰਸੀ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ,‘ਨਿੱਝਰ, ਜਲੰਧਰ ਵਿੱਚ ਇੱਕ ਹਿੰਦੂ ਪੁਜਾਰੀ ਨੂੰ ਮਾਰਨ ਲਈ ਕੇਟੀਐੱਫ ਵੱਲੋਂ ਰਚੀ ਇੱਕ ਸਾਜਿਸ਼ ’ਚ ਐਨਆਈਏ ਨੂੰ ਲੋੜੀਂਦਾ ਹੈ। ਨਿੱਝਰ ਇਸ ਸਮੇਂ ਕੈਨੇਡਾ ਵਿੱਚ ਰਹਿ ਰਿਹਾ ਹੈ ਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦਾ ਮੁਖੀ ਹੈ।’ ਏਜੰਸੀ ਮੁਤਾਬਕ ਨਿੱਝਰ ਭਾਰਤ ਵਿੱਚ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਦੇ ਵੱਖਵਾਦੀ ਤੇ ਹਿੰਸਕ ਏਜੰਡੇ ਦੇ ਪ੍ਰਚਾਰ ਲਈ ਵੀ ਕੰਮ ਕਰ ਰਿਹਾ ਹੈ। ਏਜੰਸੀ ਨੇ ਕਿਹਾ,‘ਐੱਨਆਈਏ ਨੇ ਨਿੱਝਰ ਖ਼ਿਲਾਫ਼ 10 ਲੱਖ ਰੁਪਏ ਦਾ ਨਕਦ ਇਨਾਮ ਐਲਾਨਿਆ ਹੈ… ਭਗੌੜੇ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਜਾਂ ਉਸ ਤੱਕ ਪਹੁੰਚਣ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕੀਤੀ ਜਾਵੇ… ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਸੂਚਨਾ ਗੁਪਤ ਰੱਖੀ ਜਾਵੇਗੀ।’ ਏਜੰਸੀ ਨੇ ਆਪਣੀ ਦਿੱਲੀ ਤੇ ਚੰਡੀਗੜ੍ਹ ਬ੍ਰਾਂਚ ਦਫ਼ਤਰਾਂ ਦੇ ਟੈਲੀਫੋਨ, ਵਟਸਐਪ ਤੇ ਟੈਲੀਗ੍ਰਾਮ ਨੰਬਰਾਂ ਤੋਂ ਇਲਾਵਾ ਈ-ਮੇਲ ਐਡਰੈੱਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ, ਜਿਨ੍ਹਾਂ ’ਤੇ ਕੋਈ ਵੀ ਵਿਅਕਤੀ ਨਿੱਝਰ ਬਾਰੇ ਸੂਚਨਾ ਦੇ ਸਕਦਾ ਹੈ। ਬੀਤੀ 5 ਜੁਲਾਈ ਨੂੰ ਐੱਨਆਈਏ ਨੇ ਨਿੱਝਰ ਸਮੇਤ ਚਾਰ ਜਣਿਆਂ ਖ਼ਿਲਾਫ਼ ਪਿਛਲੇ ਵਰ੍ਹੇ 31 ਜਨਵਰੀ ਨੂੰ ਫਿਲੌਰ ਦੇ ਭਰਸਿੰਘ ਪੁਰਾ ਪਿੰਡ ਵਿੱਚ ਕੇਟੀਐੱਫ ਵੱਲੋਂ ਹਿੰਦੂ ਪੁਜਾਰੀ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜਿਸ਼ ਦੇ ਸਬੰਧ ’ਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਕਮਲਦੀਫ ਸ਼ਰਮਾ, ਰਾਮ ਸਿੰਘ ਉਰਫ਼ ਸੋਨਾ, ਜਿਨ੍ਹਾਂ ਪੁਜਾਰੀ ’ਤੇ ਨਿੱਝਰ ਦੀਆਂ ਹਦਾਇਤਾਂ ’ਤੇ ਹਮਲਾ ਕੀਤਾ ਅਤੇ ਉਸਦੇ ਸਾਥੀ ਅਰਸ਼ਦੀਪ ਸਿੰਘ ਉਰਫ਼ ‘ਪ੍ਰਭ’ ਦੇ ਨਾਂ ਸ਼ਾਮਲ ਹਨ। ਜਾਂਚ ਏਜੰਸੀ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਸਾਰੀ ਸਾਜਿਸ਼ ਕੈਨੇਡਾ ’ਚ ਰਹਿ ਰਹੇ ਕਥਿਤ ਦੋਸ਼ੀਆਂ ਅਰਸ਼ਦੀਪ ਤੇ ਨਿੱਝਰ ਵੱਲੋਂ ਹਿੰਦੂ ਪੁਜਾਰੀ ਦੇ ਕਤਲ ਦੀ ਸਾਜਿਸ਼ ਘੜੀ ਗਈ ਸੀ ਤਾਂ ਕਿ ਪੰਜਾਬ ਵਿੱਚ ਸ਼ਾਂਤੀ ਤੇ ਭਾਈਚਾਰਕ ਸਾਂਝ ਭੰਗ ਕੀਤੀ ਜਾ ਸਕੇ।