ਦਿਲਬਾਗ ਸਿੰਘ ਗਿੱਲ
ਅਟਾਰੀ, 9 ਮਈ
ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨਾਕਾਮ ਕਰਦਿਆਂ ਅੱਜ ਸਰਹੱਦੀ ਚੌਕੀ ਭਰੋਭਾਲ ਕੋਲੋਂ 10 ਕਿਲੋ ਹੈਰੋਇਨ ਤੇ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਸਬੰਧੀ ਸੀਮਾ ਸੁਰੱਖਿਆ ਬਲ ਦੇ ਹੈੱਡਕੁਆਰਟਰ ਖਾਸਾ ਵਿੱਚ ਗੱਲਬਾਤ ਕਰਦਿਆਂ ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਸਵਾ ਗਿਆਰਾਂ ਵਜੇ ਦੇ ਕਰੀਬ ਸਰਹੱਦੀ ਚੌਕੀ ਭਰੋਭਾਲ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਇੱਕ ਡਰੋਨ ਦੀ ਆਵਾਜ਼ ਸੁਣੀ ਤਾਂ ਉਕਤ ਡਰੋਨ ’ਤੇ ਨੌਂ ਗੋਲੀਆਂ ਚਲਾਈਆਂ ਤੇ ਹਨੇਰੇ ਵਿੱਚ ਰੋਸ਼ਨੀ ਕਰਨ ਲਈ ਇੱਕ ਇਲਯੂਮੀਨੇਸ਼ਨ ਬੰਬ ਵੀ ਚਲਾਇਆ। ਉਨ੍ਹਾਂ ਦੱਸਿਆ ਕਿ ਅੱਜ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਵੱਲੋਂ ਘਟਨਾ ਵਾਲੇ ਸਥਾਨ ਦੀ ਲਈ ਗਈ ਤਲਾਸ਼ੀ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ। ਡਰੋਨ ਨਾਲ ਚਾਰ ਬੈਟਰੀਆਂ ਤੇ ਇੱਕ ਬੈਗ ਲੱਗਿਆ ਹੋਇਆ ਸੀ, ਜਿਸ ਵਿੱਚੋਂ 10 ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਹ ਸਾਰਾ ਸਾਮਾਨ ਇੱਕ ਬੋਰੀ ਵਿੱਚ ਪਾਇਆ ਹੋਇਆ ਸੀ। ਡੀਆਈਜੀ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਅੰਦਰ ਹੈਰੋਇਨ ਦੀ ਤਸਕਰੀ ਕਰਨ ਦੇ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਹੈ। ਇਸ ਮੌਕੇ ਕਮਾਂਡੈਂਟ ਜਸਬੀਰ ਸਿੰਘ 144 ਬਟਾਲੀਅਨ ਤੇ ਹੋਰ ਅਧਿਕਾਰੀ ਹਾਜ਼ਰ ਸਨ।