ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਸਤੰਬਰ
ਬੈਂਕ ਖਾਤੇ ਨਾਲ ਪੈਨ ਕਾਰਡ ਨੰਬਰ ਅਪਡੇਟ ਕਰਨ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲੀਸ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਚੰਡੀਗੜ੍ਹ ਦੀ ਵਸਨੀਕ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਕਿਹਾ ਕਿ ਉਹ ਐੱਚਡੀਐੱਫਸੀ ਬੈਂਕ ਤੋਂ ਬੋਲ ਰਿਹਾ ਹੈ ਤੇ ਉਸ ਨੇ ਬੈਂਕ ਦੇ ਖਾਤੇ ਨਾਲ ਪੈਨ ਕਾਰਡ ਦਾ ਨੰਬਰ ਅਪਡੇਟ ਕਰਵਾਉਣ ਦੀ ਗੱਲ ਕਹੀ। ਜਦੋਂ ਸ਼ਿਕਾਇਤਕਰਤਾ ਨੇ ਉਕਤ ਵਿਅਕਤੀ ਨੂੰ ਆਪਣੇ ਪੈਨ ਕਾਰਡ ਦਾ ਨੰਬਰ ਦਿੱਤਾ ਤਾਂ ਉਸ ਨੇ ਮੋਬਾਈਲ ਫੋਨ ’ਤੇ ਆਏ ਓਟੀਪੀ ਬਾਰੇ ਪੁੱਛਿਆ। ਔਰਤ ਨੇ ਜਦੋਂ ਓਟੀਪੀ ਉਕਤ ਵਿਅਕਤੀ ਨੂੰ ਦੱਸਿਆ ਤਾਂ ਕੁਝ ਦੇਰ ਬਾਅਦ ਹੀ ਉਸ ਦੇ ਬੈਂਕ ਖਾਤੇ ਵਿੱਚੋਂ 1.99 ਲੱਖ ਰੁਪਏ ਕੱਟੇ ਜਾਣ ਦਾ ਮੈਸੇਜ ਆਇਆ। ਥਾਣਾ ਸਾਈਬਰ ਕ੍ਰਾਈਮ ਦੀ ਟੀਮ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।