ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 18 ਜਨਵਰੀ
ਮੂਲੇਪੁਰ ਪੁਲੀਸ ਅਤੇ ਸੀਆਰਪੀਐਫ ਵੱਲੋਂ ਸਰਹਿੰਦ-ਪਟਿਆਲਾ ਸੜਕ ’ਤੇ ਨਾਕਾਬੰਦੀ ਦੌਰਾਨ ਦੋ ਕਾਰ ਸਵਾਰਾਂ ਤੋਂ 1.12 ਕਰੋੜ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਗਈ। ਇਥੇ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਪੁਲੀਸ ਕਰਮਚਾਰੀਆਂ ਨੇ ਜਦੋਂ ਇੱਕ ਸਵਿਫਟ ਕਾਰ ਦੀ ਤਲਾਸ਼ੀ ਲਈ ਤਾਂ ਕਾਰ ’ਚ ਸਵਾਰ ਅਭਿਸ਼ੇਕ ਤਿਵਾੜੀ ਵਾਸੀ ਸਮਰਾਲਾ (ਲੁਧਿਆਣਾ) ਅਤੇ ਸ਼ੈਲਿੰਦਰ ਗੌੜ ਵਾਸੀ ਡੇਰਾਬਸੀ (ਪਟਿਆਲਾ) ਕੋਲੋਂ ਉਕਤ ਰਾਸ਼ੀ ਬਰਾਮਦ ਹੋਈ।
ਡੀ.ਐੱਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਨਾਕਾਬੰਦੀ ਕਰਕੇ ਜਾਂਚ ਕਰਨ ਦੀਆਂ ਹਦਾਇਤਾਂ ਆਈਆਂ ਹਨ ਤੇ ਇਸੇ ਸਬੰਧ ’ਚ ਪੁਲੀਸ ਅਤੇ ਸੀਆਰਪੀਐਫ ਵੱਲੋਂ ਪਟਿਆਲਾ ਰੋਡ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਕਾਰ ਸਵਾਰਾਂ ਕੋਲੋਂ ਇਹ ਨਕਦੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਬਰਾਮਦ ਨਗ਼ਦੀ ਸਬੰਧੀ ਆਮਦਨ ਕਰ ਵਿਭਾਗ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।